ਦੁਸ਼ਮਣ ਦਾ ਦੁਸ਼ਮਣ ''ਦੋਸਤ'' ; ਪਾਕਿ ਨਾਲ ਜੰਗ ਵਿਚਾਲੇ ਭਾਰਤ ਨਾਲ ਨਜ਼ਦੀਕੀਆਂ ਵਧਾਉਣ ਲੱਗਾ ਅਫ਼ਗਾਨਿਸਤਾਨ
Thursday, Jul 16, 2026 - 01:36 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਸਰਹੱਦੀ ਮਸਲੇ ਕਾਰਨ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ, ਉੱਥੇ ਹੀ ਤਾਲਿਬਾਨ ਨਾਲ ਭਾਰਤ ਦੀ ਵਧਦੀ ਨਜ਼ਦੀਕੀ ਪਾਕਿਸਤਾਨ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਨਵੀਂ ਦਿੱਲੀ (ਭਾਰਤ) ਅਤੇ ਕਾਬੁਲ ਵਿਚਾਲੇ ਡਿਪਲੋਮੈਟਿਕ ਅਤੇ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ।
ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਵਿਚਾਲੇ 'ਤਹਿਰੀਕ-ਏ-ਤਾਲਿਬਾਨ ਪਾਕਿਸਤਾਨ' (TTP) ਅਤੇ ਡਿਊਰੰਡ ਲਾਈਨ (ਸਰਹੱਦ) ਵਿਵਾਦ ਨੂੰ ਲੈ ਕੇ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ। ਇਸ ਤਣਾਅ ਵਿਚਾਲੇ ਤਾਲਿਬਾਨ ਨੇ ਪਾਕਿਸਤਾਨ 'ਤੇ ਆਪਣੀ ਨਿਰਭਰਤਾ ਘਟਾਉਣ ਲਈ ਭਾਰਤ ਵੱਲ ਹੱਥ ਵਧਾਇਆ ਹੈ ਅਤੇ ਭਾਰਤ ਨੇ ਵੀ ਖੇਤਰ ਵਿੱਚ ਆਪਣੇ ਰਣਨੀਤਕ ਹਿੱਤਾਂ ਦੀ ਰਾਖੀ ਲਈ ਸਕਾਰਾਤਮਕ ਹੁੰਗਾਰਾ ਭਰਿਆ ਹੈ।
ਰਿਪੋਰਟ ਮੁਤਾਬਕ ਸਾਲ 2021 'ਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਭਾਰਤ ਨੇ ਸ਼ੁਰੂਆਤ 'ਚ ਝਿਜਕਣ ਮਗਰੋਂ ਕਾਬੁਲ 'ਚ ਆਪਣੇ ਦੂਤਾਵਾਸ 'ਚ ਇੱਕ ਤਕਨੀਕੀ ਟੀਮ ਤਾਇਨਾਤ ਕਰ ਕੇ ਸਬੰਧਾਂ ਦੀ ਨਵੀਂ ਸ਼ੁਰੂਆਤ ਕੀਤੀ ਸੀ। ਹੁਣ ਇਹ ਸਬੰਧ ਸਿਰਫ਼ ਮਨੁੱਖੀ ਸਹਾਇਤਾ ਤੱਕ ਸੀਮਤ ਨਹੀਂ ਰਹੇ, ਬਲਕਿ ਅਧਿਕਾਰਤ ਗੱਲਬਾਤ ਅਤੇ ਉੱਚ-ਪੱਧਰੀ ਬੈਠਕਾਂ ਤੱਕ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ- ਦੋ-ਫਾੜ ਹੋ ਗਿਆ ਪਾਕਿਸਤਾਨ ! ਬਣ ਗਿਆ ਨਵਾਂ ਦੇਸ਼, ਫ਼ੌਜ ਨੇ 85 ਫ਼ੀਸਦੀ ਹਿੱਸੇ 'ਤੇ ਕੀਤਾ ਕਬਜ਼ਾ
ਤਾਲਿਬਾਨ ਸ਼ਾਸਨ ਭਾਰਤ ਵੱਲੋਂ ਅਫ਼ਗਾਨਿਸਤਾਨ 'ਚ ਅਧੂਰੇ ਛੱਡੇ ਗਏ ਵਿਕਾਸ ਪ੍ਰੋਜੈਕਟਾਂ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਬੇਹੱਦ ਉਤਸੁਕ ਹੈ। ਇਸ ਦੇ ਨਾਲ ਹੀ, ਚਾਬਹਾਰ ਬੰਦਰਗਾਹ ਰਾਹੀਂ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਵਪਾਰ ਨੂੰ ਵਧਾਉਣ 'ਤੇ ਦੋਵੇਂ ਧਿਰਾਂ ਲਗਾਤਾਰ ਕੰਮ ਕਰ ਰਹੀਆਂ ਹਨ, ਤਾਂ ਜੋ ਪਾਕਿਸਤਾਨੀ ਲਾਂਘੇ ਦਾ ਬਦਲ ਤਿਆਰ ਕੀਤਾ ਜਾ ਸਕੇ।
ਭਾਰਤ ਲਈ ਅਫ਼ਗਾਨਿਸਤਾਨ 'ਚ ਆਪਣੀ ਮੌਜੂਦਗੀ ਬਣਾਈ ਰੱਖਣਾ ਸੁਰੱਖਿਆ ਦੇ ਲਿਹਾਜ਼ ਨਾਲ ਅਹਿਮ ਹੈ, ਤਾਂ ਜੋ ਅਫ਼ਗਾਨ ਧਰਤੀ ਦੀ ਵਰਤੋਂ ਭਾਰਤ-ਵਿਰੋਧੀ ਅੱਤਵਾਦੀ ਸਮੂਹਾਂ, ਜਿਵੇਂ ਲਸ਼ਕਰ-ਏ-ਤੋਇਬਾ ਜਾਂ ਜੈਸ਼-ਏ-ਮੁਹੰਮਦ ਵੱਲੋਂ ਨਾ ਕੀਤੀ ਜਾ ਸਕੇ। ਦੂਜੇ ਪਾਸੇ, ਤਾਲਿਬਾਨ ਨੂੰ ਆਪਣੀ ਸਰਕਾਰ ਦੀ ਅੰਤਰਰਾਸ਼ਟਰੀ ਮਾਨਤਾ ਅਤੇ ਆਰਥਿਕ ਸਥਿਰਤਾ ਲਈ ਭਾਰਤ ਵਰਗੀ ਗਲੋਬਲ ਮਹਾਂਸ਼ਕਤੀ ਦੇ ਸਮਰਥਨ ਦੀ ਲੋੜ ਹੈ।
ਖੇਤਰੀ ਮਾਹਿਰਾਂ ਮੁਤਾਬਕ, ਭਾਰਤ-ਤਾਲਿਬਾਨ ਦੀ ਇਹ ਨਜ਼ਦੀਕੀ ਪਾਕਿਸਤਾਨ ਲਈ ਇੱਕ ਵੱਡਾ ਕੂਟਨੀਤਕ ਝਟਕਾ ਹੈ। ਪਾਕਿਸਤਾਨ, ਜਿਸ ਨੇ ਕਦੇ ਤਾਲਿਬਾਨ ਦੀ ਵਾਪਸੀ ਨੂੰ ਆਪਣੀ ਰਣਨੀਤਕ ਜਿੱਤ ਵਜੋਂ ਦੇਖਿਆ ਸੀ, ਹੁਣ ਉਹੀ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਹੋਇਆ ਹੈ। ਇਸ ਦੌਰਾਨ ਹੁਣ ਨਵੀਂ ਦਿੱਲੀ ਬਿਨਾਂ ਕਿਸੇ ਰਸਮੀ ਸਿਆਸੀ ਮਾਨਤਾ ਦੇ ਵੀ ਅਫ਼ਗਾਨਿਸਤਾਨ 'ਚ ਆਪਣਾ ਪ੍ਰਭਾਵ ਸਫ਼ਲਤਾਪੂਰਵਕ ਵਧਾ ਰਹੀ ਹੈ, ਤਾਂ ਜੋ ਅਫ਼ਗਾਨਿਸਤਾਨ ਨਾਲ ਸਬੰਧਾਂ 'ਚ ਹੋਰ ਮਜ਼ਬੂਤੀ ਲਿਆਈ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
