ਪਾਕਿ ਦੇ ਪ੍ਰਮੁੱਖ ਮੌਲਵੀ ਦਾ ਫਤਵਾ; ‘ਕ੍ਰਿਪਟੋ ਕਰੰਸੀ’ ਦੇ ਕਾਰੋਬਾਰ ਨੂੰ ਦੱਸਿਆ ‘ਹਰਾਮ’
Sunday, Jul 12, 2026 - 09:58 AM (IST)
ਕਰਾਚੀ (ਏਜੰਸੀ) - ਪਾਕਿਸਤਾਨ ਦੇ ਪ੍ਰਮੁੱਖ ਇਸਲਾਮੀ ਵਿਦਵਾਨ ਮੁਫ਼ਤੀ ਮੁਹੰਮਦ ਤਕੀ ਉਸਮਾਨੀ ਨੇ ਕ੍ਰਿਪਟੋਕਰੰਸੀ ਦੇ ਕਾਰੋਬਾਰ ਖ਼ਿਲਾਫ਼ ਫ਼ਤਵਾ ਜਾਰੀ ਕਰਦਿਆਂ ਇਸ ਨੂੰ ਇਸਲਾਮੀ ਕਾਨੂੰਨ (ਸ਼ਰੀਅਤ) ਤਹਿਤ ‘ਹਰਾਮ’ ਕਰਾਰ ਦਿੱਤਾ ਹੈ। ਇਹ ਫ਼ਤਵਾ ਅਜਿਹੇ ਸਮੇਂ ਆਇਆ ਹੈ, ਜਦੋਂ ਪਾਕਿਸਤਾਨ ਸਰਕਾਰ ਡਿਜੀਟਲ ਜਾਇਦਾਦਾਂ ਦੇ ਖੇਤਰ ਨੂੰ ਰੈਗੂਲੇਟ ਤੇ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਯਤਨ ਕਰ ਰਹੀ ਹੈ।
ਮੁਫ਼ਤੀ ਤਕੀ ਉਸਮਾਨੀ ਵੱਲੋਂ ਜਾਰੀ ਫ਼ਤਵੇ ਨੂੰ ਪਾਕਿਸਤਾਨ ਦੇ ਵੱਕਾਰੀ ਸੁੰਨੀ ਮਦਰੱਸੇ ਦਾਰੁਲ ਉਲੂਮ ਕਰਾਚੀ ਨੇ ਜਨਤਕ ਕੀਤਾ। ਫ਼ਤਵੇ ਵਿਚ ਕ੍ਰਿਪਟੋਕਰੰਸੀ, ਕ੍ਰਿਪਟੋ ਟੋਕਨ ਤੇ ਸਟੇਬਲਕੁਆਇਨ ਨੂੰ ਸ਼ਾਮਲ ਕਰਦਿਆਂ ਕਿਹਾ ਗਿਆ ਹੈ ਕਿ ਇਹ ਡਿਜੀਟਲ ਜਾਇਦਾਦਾਂ ਇਸਲਾਮੀ ਨਜ਼ਰੀਏ ਤੋਂ ਜਾਇਜ਼ ਧਨ ਜਾਂ ਜਾਇਦਾਦਾ ਦੀ ਪਰਿਭਾਸ਼ਾ ’ਤੇ ਖ਼ਰੀਆਂ ਨਹੀਂ ਉਤਰਦੀਆਂ, ਇਸ ਲਈ ਸ਼ਰੀਅਤ ਤਹਿਤ ਇਨ੍ਹਾਂ ਦੀ ਖ਼ਰੀਦ-ਵੇਚ ਦੀ ਇਜਾਜ਼ਤ ਨਹੀਂ ਹੈ। ਦਾਰੁਲ ਉਲੂਮ ਕਰਾਚੀ ਅਨੁਸਾਰ ਇਸ ਫ਼ਤਵੇ ਦਾ ਕਈ ਹੋਰ ਇਸਲਾਮੀ ਵਿਦਵਾਨਾਂ ਨੇ ਵੀ ਸਮਰਥਨ ਕੀਤਾ ਹੈ।
ਦੂਜੇ ਪਾਸੇ ਪਾਕਿਸਤਾਨ ਸਰਕਾਰ ਦੇਸ਼ ਵਿਚ ਕ੍ਰਿਪਟੋ ਤੇ ਡਿਜੀਟਲ ਐਸੇਟਸ ਸੈਕਟਰ ਲਈ ਰੈਗੂਲੇਟਰੀ ਢਾਂਚਾ ਤਿਆਰ ਕਰਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਕਦਮ ਚੁੱਕ ਰਹੀ ਹੈ, ਜਿਸ ਨਾਲ ਇਸ ਮੁੱਦੇ ’ਤੇ ਧਾਰਮਿਕ ਤੇ ਨੀਤੀਗਤ ਬਹਿਸ ਤੇਜ਼ ਹੋਣ ਦੀ ਸੰਭਾਵਨਾ ਹੈ।
