ਪਾਕਿਸਤਾਨ ''ਚ 50 ਇਤਿਹਾਸਕ ਗੁਰੂਘਰਾਂ ਦੇ ਪੁਰਾਤਨ ਸਰੂਪ ਨੂੰ ਸੰਭਾਲਣ ਦਾ ਕਾਰਜ ਜਾਰੀ : ਮੰਤਰੀ ਰਮੇਸ਼ ਸਿੰਘ ਅਰੋੜਾ

Friday, Jul 17, 2026 - 04:09 PM (IST)

ਪਾਕਿਸਤਾਨ ''ਚ 50 ਇਤਿਹਾਸਕ ਗੁਰੂਘਰਾਂ ਦੇ ਪੁਰਾਤਨ ਸਰੂਪ ਨੂੰ ਸੰਭਾਲਣ ਦਾ ਕਾਰਜ ਜਾਰੀ : ਮੰਤਰੀ ਰਮੇਸ਼ ਸਿੰਘ ਅਰੋੜਾ

ਮੈਲਬੌਰਨ (ਮਨਦੀਪ ਸਿੰਘ ਸੈਣੀ): ਲਹਿੰਦੇ ਪੰਜਾਬ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਰਮੇਸ਼ ਸਿੰਘ ਅਰੋੜਾ ਨੇ ਮੈਲਬੌਰਨ ਦੇ ਪੱਛਮੀ ਇਲਾਕੇ ਪਲੰਪਟਨ ਸਥਿਤ 'ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ' ਵਿਖੇ ਨਤਮਸਤਕ ਹੋ ਕੇ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਪਾਕਿਸਤਾਨ ਦੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਸਹਿਯੋਗ ਨਾਲ ਇਸ ਵੇਲੇ ਕਰੀਬ 50 ਇਤਿਹਾਸਕ ਗੁਰੂਘਰਾਂ ਦੀ ਬਹਾਲੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਤਹਿਤ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਪੁਰਾਤਨ ਸਰੂਪ ਨੂੰ ਸੰਭਾਲਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਇਤਿਹਾਸ ਨੂੰ ਉਸ ਦੇ ਅਸਲ ਰੂਪ ਵਿੱਚ ਦੇਖ ਸਕਣ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ 'ਚੁੱਪ' ਪਿੱਛੇ ਵੱਡੀ ਰਣਨੀਤੀ

ਇਸ ਮੌਕੇ ਉਨ੍ਹਾਂ ਚੜ੍ਹਦੇ ਪੰਜਾਬ ਵਿੱਚ ਨਵੀਨੀਕਰਨ ਦੇ ਨਾਂ 'ਤੇ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਢਾਹ ਕੇ ਨਵੀਆਂ ਉਸਾਰੀਆਂ ਕਰਨ 'ਤੇ ਚਿੰਤਾ ਪ੍ਰਗਟਾਈ, ਜਿਸ ਨਾਲ ਵਿਰਾਸਤੀ ਪਛਾਣ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਪਾਕਿਸਤਾਨ ਵਿੱਚ ਲਾਗੂ 'ਸਿੱਖ ਮੈਰਿਜ ਐਕਟ' ਅਤੇ ਸਿੱਖ ਭਾਈਚਾਰੇ ਦੀ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਵਿਦੇਸ਼ੀ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਵੀਂ ਪੀੜ੍ਹੀ ਨੂੰ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਪੰਜਾ ਸਾਹਿਬ ਵਰਗੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਜ਼ਰੂਰ ਕਰਵਾਉਣ। ਆਪਣੇ ਸੰਬੋਧਨ ਦੌਰਾਨ ਸ੍ਰ. ਅਰੋੜਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਤੋਂ ਜਲਦ ਮੁੜ ਖੋਲ੍ਹਿਆ ਜਾਵੇ ਤਾਂ ਜੋ ਭਾਰਤ ਅਤੇ ਚੜ੍ਹਦੇ ਪੰਜਾਬ ਦੀਆਂ ਸੰਗਤਾਂ ਬਿਨਾਂ ਰੁਕਾਵਟ ਗੁਰੂ ਅਸਥਾਨਾਂ ਦੇ ਦਰਸ਼ਨ ਕਰ ਸਕਣ, ਕਿਉਂਕਿ ਧਾਰਮਿਕ ਯਾਤਰਾਵਾਂ ਆਪਸੀ ਪਿਆਰ, ਸਾਂਝ ਅਤੇ ਸਾਂਝੀ ਵਿਰਾਸਤ ਨੂੰ ਮਜ਼ਬੂਤ ਕਰਦੀਆਂ ਹਨ। ਇਸ ਖ਼ਾਸ ਮੌਕੇ 'ਤੇ ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਅਤੇ ਮੌਜੂਦਾ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਸ੍ਰ. ਰਮੇਸ਼ ਸਿੰਘ ਅਰੋੜਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਮੰਤਰੀ ਵੱਲੋਂ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਰਿਆਂ ਨੂੰ ਪਾਕਿਸਤਾਨ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News