ਅਮਰਨਾਥ ਯਾਤਰਾ ਦੌਰਾਨ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਫੌਜ ਹਾਈ ਅਲਰਟ ’ਤੇ

06/30/2024 10:03:10 AM

ਪੁੰਛ (ਇੰਟ.) - ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਕ੍ਰਿਸ਼ਨਾ ਘਾਟੀ ਸੈਕਟਰ ’ਚ ਸ਼ੁੱਕਰਵਾਰ ਦੇਰ ਰਾਤ ਪਾਕਿਸਤਾਨੀ ਰੇਂਜਰਾਂ ਨੇ ਬਿਨਾਂ ਕਿਸੇ ਭੜਕਾਹਟ ਦੇ ਫਾਇਰਿੰਗ ਕੀਤੀ। ਪਾਕਿਸਤਾਨੀ ਫੌਜ ਨੇ ਕੌਮਾਂਤਰੀ ਸਰਹੱਦ ’ਤੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਜੰਗਬੰਦੀ ਦੀ ਉਲੰਘਣਾ ਕੀਤੀ।

ਭਾਰਤੀ ਫੌਜ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ। ਕ੍ਰਿਸ਼ਨਾ ਘਾਟੀ ’ਚ ਭਾਰਤੀ ਚੌਕੀ ’ਤੇ ਸਰਹੱਦ ਪਾਰ ਤੋਂ ਫਾਇਰਿੰਗ ਦੀ ਖਬਰ ਮਿਲਦਿਆਂ ਹੀ ਭਾਰਤੀ ਫੌਜ ਹਰਕਤ ’ਚ ਆ ਗਈ।

ਕੰਟਰੋਲ ਰੇਖਾ ਦੀ ਸੁਰੱਖਿਆ ਲਈ ਤਾਇਨਾਤ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਕੁਝ ਦੇਰ ਬਾਅਦ ਇਹ ਫਾਇਰਿੰਗ ਰੁਕ ਗਈ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦੀ ਉਲੰਘਣਾ ਘੁਸਪੈਠ ਕਰ ਰਹੇ ਅੱਤਵਾਦੀਆਂ ਨੂੰ ਕਵਰ ਪ੍ਰਦਾਨ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।

ਇਸ ਘਟਨਾ ਪਿੱਛੋਂ ਕੰਟਰੋਲ ਰੇਖਾ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਅੱਤਵਾਦੀਆਂ ਦੀ ਕਿਸੇ ਵੀ ਸੰਭਾਵਿਤ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸੁਰੱਖਿਆ ਫੋਰਸਾਂ ਨੇ ਚੌਕਸੀ ਵਧਾ ਦਿੱਤੀ ਹੈ। ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਅਮਰਨਾਥ ਯਾਤਰਾ ’ਚ 4603 ਤੋਂ ਵੱਧ ਸ਼ਰਧਾਲੂਆਂ ਦਾ ਪਹਿਲਾ ਜੱਥਾ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਘਾਟੀ ਪਹੁੰਚ ਚੁੱਕਾ ਹੈ।

ਵਰਨਣਯੋਗ ਹੈ ਕਿ ਪਾਕਿਸਤਾਨ ਦੀ ਸਰਕਾਰ ਤੇ ਫੌਜ ਵਲੋਂ ਅੰਦਰੂਨੀ ਸਿਆਸੀ ਫਾਇਦੇ ਲਈ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨ ਅੱਤਵਾਦੀ ਗਰੁੱਪਾਂ ਨੂੰ ਸਮਰਥਨ ਤੇ ਸਿਖਲਾਈ ਦਿੰਦਾ ਹੈ। ਜੰਗਬੰਦੀ ਦੀ ਉਲੰਘਣਾ ਕਰ ਕੇ ਉਹ ਅੱਤਵਾਦੀਆਂ ਨੂੰ ਭਾਰਤੀ ਖੇਤਰ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ।


Harinder Kaur

Content Editor

Related News