ਪਾਕਿ ਨੇ ਭਾਰਤ ਦੇ 45 ਮਛੇਰਿਆਂ ਨੂੰ ਕੀਤਾ ਅਗਵਾ
Wednesday, Sep 16, 2020 - 10:43 PM (IST)
ਅਹਿਮਦਾਬਾਦ - ਭਾਰਤ ਤੇ ਚੀਨ ਵਿਚਾਲੇ ਜਾਰੀ ਤਣਾਅ ਦੇ ਦੌਰਾਨ ਪਾਕਿਸਤਾਨ ਵਲੋਂ ਵੀ ਭੜਕਾਉਣ ਵਾਲੀ ਹਰਕਤ ਕੀਤੀ ਗਈ। ਬੁੱਧਵਾਰ ਨੂੰ ਪਾਕਿਸਤਾਨ ਨੇਵੀ ਨੇ ਗੁਜਰਾਤ ਨਾਲ ਲੱਗਦੀ ਭਾਰਤੀ ਜਲ ਸਰਹੱਦ 'ਚ ਦਾਖਲ ਹੋ ਕੇ ਮਛੇਰਿਆਂ ਨੂੰ ਨਿਸ਼ਾਨਾ ਬਣਾਇਆ। 8 ਕਿਸ਼ਤੀਆਂ 'ਚ ਸਵਾਰ 45 ਮਛੇਰਿਆਂ ਨੂੰ ਆਪਣੇ ਨਾਲ ਲੈ ਗਏ। ਇਨ੍ਹਾਂ 'ਚ 6 ਕਿਸ਼ਤੀਆਂ ਪੋਰਬੰਦਰ ਦੀਆਂ ਤੇ 2 ਵੇਰਾਵਲ ਦੀਆਂ ਸਨ। ਜਾਣਕਾਰੀ ਦੇ ਅਨੁਸਾਰ ਸਾਰੇ ਮਛੇਰਿਆਂ ਨੂੰ ਕਰਾਚੀ ਬੰਦਰਗਾਹ ਲੈ ਕੇ ਗਏ ਹਨ।
ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮੰਗੀ ਮਦਦ
ਪਾਕਿਸਤਾਨ ਨੇਵੀ ਦੀ ਇਸ ਹਰਕਤ ਤੋਂ ਗੁਜਰਾਤ ਦੇ ਮਛੇਰੇ ਨਾਰਾਜ਼ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਪਾਕਿਸਤਾਨ ਦੀ ਨੇਵੀ ਤੋਂ ਜਿਹੜੇ ਮਛੇਰੇ ਬਚ ਕੇ ਆਏ ਹਨ ਉਨ੍ਹਾਂ ਨੇ ਦੱਸਿਆ ਕਿ ਉਹ ਭਾਰਤੀ ਜਲ ਸਰਹੱਦ 'ਚ ਹੀ ਮੱਛੀਆਂ ਫੜ੍ਹ ਰਹੇ ਸਨ। ਇਸ ਦੌਰਾਨ ਪਾਕਿਸਤਾਨੀ ਨੇਵੀ ਨੇ ਉਨ੍ਹਾਂ ਦੇ ਸਾਥੀਆਂ ਨੂੰ ਬੰਧਕ ਬਣਾ ਲਿਆ ਅਤੇ ਆਪਣੇ ਨਾਲ ਲੈ ਗਏ। ਗੁਜਰਾਤ ਦੀ ਲੰਮੀ ਸਮੁੰਦਰੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਪਾਕਿਸਤਾਨ ਦੀ ਇਸ ਹਰਕਤ 'ਤੇ ਇੰਡੀਅਨ ਕੋਸਟ-ਗਾਰਡ ਵੀ ਚੌਕਸ ਹੋ ਗਈ ਹੈ।