ਚੀਨ ਦੀ ਤਰਜ਼ ’ਤੇ ਪਾਕਿ ਵੀ LoC ’ਤੇ ਮਾਡਲ ਪਿੰਡ ਵਸਾਉਣ ਦੀ ਤਿਆਰੀ ’ਚ

02/24/2022 9:17:00 AM

ਨਵੀਂ ਦਿੱਲੀ (ਵਿਸ਼ੇਸ਼)– ਚੀਨ ਤੇ ਪਾਕਿਸਤਾਨ ਇਕੋਨਾਮਿਕ ਕਾਰੀਡੋਰ ਪ੍ਰਾਜੈਕਟ ਤਹਿਤ ਹਰ ਤਰ੍ਹਾਂ ਦੀਆਂ ਮੌਸਮੀ ਸਥਿਤੀਆਂ ’ਚ ਇਕ-ਦੂਜੇ ਦੀਆਂ ਲੋੜਾਂ ਪੂਰੀਆਂ ਕਰਨ ’ਚ ਲੱਗੇ ਹੋਏ ਹਨ। ਜਾਣਕਾਰੀ ਮੁਤਾਬਕ ਚੀਨ ਦੀ ਤਰਜ਼ ’ਤੇ ਪਾਕਿਸਤਾਨ ਵੀ ਚੀਨ ਦੀ ਮਦਦ ਨਾਲ ਐੱਲ. ਓ. ਸੀ. ਨੇੜੇ ਮਾਡਲ ਪਿੰਡ ਵਸਾਉਣ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਨਵੰਬਰ ਤੋਂ 25-30 ਪੀ. ਐੱਲ. ਏ. ਫੌਜੀ ਗਿਲਗਿਤ-ਬਾਲਟਿਸਤਾਨ ਦੇ ਚੀਲੁਮ ਪਿੰਡ ਵਿਚ ਟਿਕੇ ਹੋਏ ਹਨ, ਜਿੱਥੇ ਇਹ ਘੋਰੀਕੋਟ ਤੋਂ ਚਿਲੁਮ ਅਤੇ ਗੁਲਟਾਰੀ ਤੋਂ ਸੈਗਰ ਤਕ ਜਾਣ ਵਾਲੀ ਅਸਟਰੋ ਵੈਲੀ ਰੋਡ ਦੇ ਵਿਕਾਸ ਦਾ ਕੰਮ ਕਰ ਰਹੇ ਸਨ, ਜੋ ਕਿ ਪਿਛਲੇ ਸਾਲ ਹੀ ਪੂਰਾ ਹੋਇਆ ਹੈ। ਇਸ ਤੋਂ ਇਲਾਵਾ ਇੰਟੈਲੀਜੈਂਸ ਇਨਪੁਟ ਮੁਤਾਬਕ ਪੀ. ਓ. ਕੇ. ਦੇ ਨੀਲਮ ਵੈਲੀ ਰੋਡ ਨੇੜੇ ਲਗਭਗ 80 ਤੋਂ 100 ਚੀਨੀ ਇੰਜੀਨੀਅਰ ਤੇ ਕਰਮਚਾਰੀ ਪਾਕਿ ਫੌਜ ਦੇ ਕੈਂਪ ਵਿਚ ਮੌਜੂਦ ਹਨ।

ਇਹ ਵੀ ਪੜ੍ਹੋ: ਬਿਲ ਗੇਟਸ ਨੇ ਦੁਨੀਆ ਨੂੰ ਸਸਤੇ ਟੀਕੇ ਸਪਲਾਈ ਕਰਨ ਲਈ ਭਾਰਤੀ ਵੈਕਸੀਨ ਨਿਰਮਾਤਾਵਾਂ ਦੀ ਕੀਤੀ ਤਾਰੀਫ਼

ਚੀਨ ਤੋਂ ਫੌਜ ਸਬੰਧੀ ਲੋੜਾਂ ਪੂਰੀਆਂ ਕਰ ਰਿਹੈ ਪਾਕਿ
ਕਿਸ਼ਨਗੰਗਾ ਉਹ ਨਦੀ ਹੈ, ਜੋ ਭਾਰਤ ਤੋਂ ਵਗਦੀ ਹੋਈ ਪਾਕਿਸਤਾਨ ਵੱਲ ਜਾਂਦੀ ਹੈ। ਉਸ ਨੂੰ ਨੀਲਮ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨਦੀ ਦੇ ਕੰਢੇ ’ਤੇ ਪੀ. ਓ. ਕੇ. ਵਿਚ ਨੀਲਮ ਵੈਲੀ ਰੋਡ ਲੰਘਦੀ ਹੈ। ਇਸ ਇਲਾਕੇ ਵਿਚ ਕਈ ਥਾਵਾਂ ’ਤੇ ਐੱਲ.ਓ. ਸੀ. ਇਸੇ ਨਦੀ ਦੇ ਕੰਢਿਓਂ ਹੋ ਕੇ ਲੰਘਦੀ ਹੈ। ਅਸਲ ’ਚ ਚੀਨ ਨੇ ਪੂਰੀ ਐੱਲ. ਏ. ਸੀ. ਦੇ ਲਾਗਲੇ ਇਲਾਕਿਆਂ ਵਿਚ ਸੈਂਕੜੇ ਮਾਡਲ ਪਿੰਡ ਤਿਆਰ ਕੀਤੇ ਹਨ ਜਿਨ੍ਹਾਂ ਦੀ ਵਰਤੋਂ ਸਮਾਂ ਆਉਣ ’ਤੇ ਉਹ ਆਪਣੀ ਫੌਜ ਨੂੰ ਠਹਿਰਾਉਣ ਲਈ ਕਰੇਗਾ। ਚੀਨ ਆਪਣੇ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀ. ਆਰ. ਆਈ.) ਪ੍ਰਾਜੈਕਟ ’ਤੇ ਗਿਲਗਿਤ-ਬਾਲਟਿਸਤਾਨ ਵਿਚ ਪਾਣੀ ਵਾਂਗ ਪੈਸਾ ਵਹਾ ਰਿਹਾ ਹੈ। ਇਸੇ ਦਾ ਫਾਇਦਾ ਉਠਾ ਕੇ ਪਾਕਿਸਤਾਨ ਵੀ ਫੌਜ ਸਬੰਧੀ ਆਪਣੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ।

ਇਹ ਵੀ ਪੜ੍ਹੋ: ਚੀਨ 'ਚ ਫਸੇ 23 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਜਲਦ ਪਰਤਣਗੇ ਭਾਰਤ

ਨਦੀ ਦੇ ਕੰਢੇ ’ਤੇ ਹੈ ਇੰਜੀਨੀਅਰਾਂ ਦੀ ਭੀੜ
ਇਕੋਨਾਮਿਕ ਕਾਰੀਡੋਰ ਪ੍ਰਾਜੈਕਟ ਦੇ ਆਉਣ ਦੇ ਬਾਅਦ ਤੋਂ ਹੀ ਚੀਨ ਦਾ ਫੋਕਸ ਗਿਲਗਿਤ-ਬਾਲਟਿਸਤਾਨ ’ਤੇ ਵਧ ਗਿਆ ਹੈ। ਉਹ ਡੈਮ, ਹਾਈਡ੍ਰੋ ਪਾਵਰ ਪਲਾਂਟ, ਏਅਰਪੋਰਟ ਤੇ ਸੜਕਾਂ ਦਾ ਜਾਲ ਵਿਛਾ ਰਿਹਾ ਹੈ। ਹੁਣ ਤਾਂ ਪਾਕਿਸਤਾਨੀ ਫੌਜ ਦੇ ਕੈਂਪਾਂ ਵਿਚ ਕੰਮ ਕਰਨ ਵਾਲੇ ਇੰਜੀਨੀਅਰ ਪਾਕਿਸਤਾਨੀ ਨਹੀਂ, ਸਗੋਂ ਚੀਨੀ ਹਨ। ਖੁਫੀਆ ਰਿਪੋਰਟ ਮੁਤਾਬਕ ਨਾਰਥ ਕਸ਼ਮੀਰ ਦੇ ਦੂਜੇ ਭਾਰਤੀ ਇਲਾਕੇ ਵਿਚ ਵਗਦੀ ਕਿਸ਼ਨਗੰਗਾ ਨਦੀ ਨੇੜੇ ਪੀ. ਓ. ਕੇ. ’ਚ ਚੀਨੀ ਇੰਜੀਨੀਅਰਾਂ ਤੇ ਮੁਲਾਜ਼ਮਾਂ ਦੀ ਗਿਣਤੀ ਵਧੀ ਹੈ। ਰਿਪੋਰਟ ਮੁਤਾਬਕ ਜਨਵਰੀ ਦੇ ਪਹਿਲੇ ਹਫਤੇ ਤੋਂ ਇਸ ਦੀ ਮੌਜੂਦਗੀ ਵੇਖੀ ਗਈ ਹੈ ਅਤੇ ਬੜੀ ਤੇਜ਼ੀ ਨਾਲ ਕੰਮ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪੀ. ਓ. ਕੇ. ’ਚ ਐੱਲ. ਓ. ਸੀ. ਨੇੜੇ ਮਾਡਲ ਪਿੰਡ ਵਸਾਉਣ ਦੀਆਂ ਤਿਆਰੀਆਂ ’ਚ ਚੀਨ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਇਹ ਭੀੜ ਉਸੇ ਕਾਰਨ ਵੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ: 'ਮੈਂ ਨਰਿੰਦਰ ਮੋਦੀ ਨਾਲ ਟੀਵੀ 'ਤੇ ਚਰਚਾ ਕਰਨਾ ਚਾਹਾਂਗਾ', ਜਾਣੋ ਇਮਰਾਨ ਖ਼ਾਨ ਨੇ ਕਿਉਂ ਕਹੀ ਇਹ ਗੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News