ਪਹਿਲਗਾਮ ਹਮਲੇ ''ਚ ਪਿਤਾ ਨੂੰ ਗੁਆ ਚੁੱਕੇ ਮਾਸੂਮ ਦਾ ਮਾਂ ਨੂੰ ਸਵਾਲ- ''ਪਾਪਾ ਕਿੱਥੇ ਹੈ?''
Thursday, Apr 24, 2025 - 05:50 PM (IST)

ਕੋਲਕਾਤਾ- ਹਰ ਵਾਰ ਜਦੋਂ ਉਨ੍ਹਾਂ ਦਾ ਨੰਨਾ ਪੁੱਤਰ ਨੀਂਦ ਤੋਂ ਉਠਦਾ ਹੈ ਤਾਂ ਆਪਣੀ ਤੋਤਲੀ ਆਵਾਜ਼ ਵਿਚ ਇਹ ਹੀ ਸਵਾਲ ਕਰਦਾ ਹੈ ਕਿ 'ਪਾਪਾ ਕਿੱਥੇ ਹਨ? ਕੀ ਉਹ ਕਿਤੇ ਗਏ ਹਨ?' ਮਾਸੂਮ ਦੇ ਇਹ ਸਵਾਲ ਉਸ ਦੀ ਮਾਂ ਨੂੰ ਹਿੱਲਾ ਕੇ ਰੱਖ ਦਿੰਦੇ ਹਨ, ਜਿਨ੍ਹਾਂ ਦਾ ਉਸ ਕੋਲ ਕੋਈ ਜਵਾਬ ਨਹੀਂ ਹੁੰਦਾ। ਮਾਂ ਸਿਰਫ਼ ਹੰਝੂ ਵਹਾ ਸਕਦੀ ਹੈ, ਉਸ ਦੇ ਪੁੱਤਰ ਦੇ ਇਹ ਸ਼ਬਦ ਉਸ ਦੇ ਅਸ਼ਾਂਤ ਮਨ ਨੂੰ ਨਸ਼ਤਰ ਵਾਂਗ ਚੀਰਦੇ ਹਨ। ਸਾਢੇ ਤਿੰਨ ਸਾਲ ਦੇ ਬੱਚੇ ਦੇ ਪਿਤਾ ਬਿਤਾਨ ਅਧਿਕਾਰੀ ਨੂੰ ਅੱਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਮ 'ਚ ਗੋਲੀ ਮਾਰ ਦਿੱਤੀ। ਛੁੱਟੀਆਂ ਮਨਾਉਣ ਗਏ ਇਕ ਖੁਸ਼ਹਾਲ ਪਰਿਵਾਰ ਲਈ ਇਹ ਯਾਤਰਾ ਜ਼ਿੰਦਗੀ ਭਰ ਲਈ ਇਕ ਬੁਰੇ ਸੁਫ਼ਨੇ ਵਿਚ ਬਦਲ ਗਈ।
ਮੂਲ ਰੂਪ ਤੋਂ ਪੱਛਮੀ ਬੰਗਾਲ ਦੇ ਰਹਿਣ ਵਾਲੇ ਬਿਤਾਨ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਫਲੋਰਿਡਾ ਵੱਸ ਗਏ ਸਨ। ਉਹ 8 ਅਪ੍ਰੈਲ ਨੂੰ ਰਿਸ਼ਤੇਦਾਰਾਂ ਨੂੰ ਮਿਲਣ ਕੋਲਕਾਤਾ ਆਏ ਸਨ ਅਤੇ ਹਮਲੇ ਦੇ ਸਮੇਂ ਆਪਣੇ ਪਰਿਵਾਰ ਨਾਲ ਕਸ਼ਮੀਰ ਵਿਚ ਛੁੱਟੀਆਂ ਮਨਾ ਰਹੇ ਸਨ। ਬਿਤਾਨ ਦੀ ਪਤਨੀ ਸ਼ੋਹਿਨੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਨੂੰ ਜੁਦਾ ਕਰ ਦਿੱਤਾ। ਇਹ ਕਹਿੰਦੇ-ਕਹਿੰਦੇ ਉਸ ਦੀ ਆਵਾਜ਼ ਭਾਰੀ ਹੋ ਗਈ। ਬਿਤਾਨ ਦੀ ਪਤਨੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਪੁੱਛਿਆ ਕਿ ਅਸੀਂ ਕਿੱਥੋਂ ਆਏ ਹਾਂ, ਫਿਰ ਪੁਰਸ਼ਾਂ ਨੂੰ ਵੱਖ ਕੀਤਾ ਅਤੇ ਉਨ੍ਹਾਂ ਦਾ ਧਰਮ ਪੁੱਛਿਆ ਅਤੇ ਫਿਰ ਇਕ-ਇਕ ਕਰ ਕੇ ਗੋਲੀ ਮਾਰ ਦਿੱਤੀ। ਮੇਰੇ ਪਤੀ ਦਾ ਕਤਲ ਮੇਰੇ ਬੱਚੇ ਦੇ ਸਾਹਮਣੇ ਹੀ ਕਰ ਦਿੱਤੀ ਗਈ।
ਸ਼ੋਹਿਨੀ ਨੇ ਭਰੇ ਗਲੇ ਨਾਲ ਕਿਹਾ ਕਿ ਮੈਂ ਉਸ ਨੂੰ ਕਿਵੇਂ ਸਮਝਾਵਾਂ? ਮੈਂ ਨਹੀਂ ਜਾਣਦੀ ਕਿ ਆਪਣੇ ਪੁੱਤਰ ਨੂੰ ਕਿਵੇਂ ਦੱਸਾਂ ਕਿ ਉਸ ਦੇ ਪਾਪਾ ਹਮੇਸ਼ਾ ਲਈ ਦੁਨੀਆ ਤੋਂ ਚਲੇ ਗਏ ਹਨ। ਉਹ ਡਰ ਦੇ ਮਾਰੇ ਜਾਗ ਜਾਂਦਾ ਹੈ, ਮੇਰਾ ਹੱਥ ਫੜਦਾ ਹੈ, ਮਿੰਨਤਾਂ ਕਰਦਾ ਹੈ ਅਤੇ ਫਿਰ ਪੁੱਛਦਾ ਹੈ- ਪਾਪਾ ਕਿੱਥੇ ਹੈ? ਕੋਲਕਾਤਾ ਵਿਚ ਘਰ ਵਾਪਸ ਆ ਕੇ ਦੁੱਖ ਹੋਰ ਵੀ ਡੂੰਘਾ ਹੋ ਗਿਆ ਹੈ। ਬਿਤਾਨ ਨਾ ਸਿਰਫ਼ ਇਕ ਚੰਗੇ ਪਤੀ ਅਤੇ ਪਿਤਾ ਸਨ, ਸਗੋਂ ਵਿਦੇਸ਼ ਵਿਚ ਰਹਿਣ ਦੇ ਬਾਵਜੂਦ ਉਹ ਆਪਣੇ ਬੁੱਢੇ ਅਤੇ ਬੀਮਾਰ ਮਾਪਿਆਂ ਦੀ ਪੂਰੀ ਸੇਵਾ ਕਰਦੇ ਸਨ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਹਮਲੇ ਵਿਚ 28 ਸੈਲਾਨੀ ਮਾਰੇ ਗਏ ਸਨ। ਇਨ੍ਹਾਂ ਵਿਚ ਇਕ ਨੇਪਾਲੀ ਅਤੇ ਸਾਊਦੀ ਅਰਬ ਦਾ ਇਕ ਵਿਦੇਸ਼ੀ ਸੈਲਾਨੀ ਸ਼ਾਮਲ ਸੀ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਗੈਰ-ਕਸ਼ਮੀਰੀ ਸੈਲਾਨੀਆਂ ਨੂੰ ਵੱਖ ਕਰ ਦਿੱਤਾ ਅਤੇ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਉਨ੍ਹਾਂ ਨੂੰ ਮਾਰ ਦਿੱਤਾ। ਜਦੋਂ ਕੋਲਕਾਤਾ ਵਿਚ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਬਿਤਾਨ ਅਧਿਕਾਰੀ ਦੇ ਪਰਿਵਾਰ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਦਰਦ ਇੰਨਾ ਡੂੰਘਾ ਸੀ ਕਿ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਸੀ।