ਪੀ. ਡੀ. ਪੀ. ਤੇ ਅਵਾਮੀ ਲੀਗ ਨੂੰ ਛੱਡ ਕੇ ਹੱਦਬੰਦੀ ਕਮਿਸ਼ਨ ਨੂੰ ਮਿਲੇ ਸਭ ਸਿਆਸੀ ਪਾਰਟੀਆਂ ਦੇ ਆਗੂ
Wednesday, Jul 07, 2021 - 11:05 AM (IST)
ਸ਼੍ਰੀਨਗਰ/ਜੰਮੂ,(ਉਦੈ, ਅਰੀਜ਼)– ਸਿਆਸੀ ਵਿਤਕਰੇ ਦੂਰ ਕਰਨ ਲਈ 4 ਦਿਨਾ ਜੰਮੂ-ਕਸ਼ਮੀਰ ਯੂ. ਟੀ. ਦੇ ਦੌਰੇ ’ਤੇ ਆਏ ਹੋਏ ਹੱਦਬੰਦੀ ਕਮਿਸ਼ਨ ਨੇ ਮੰਗਲਵਾਰ ਪਹਿਲੇ ਦਿਨ ਸਭ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ।
ਨੈਸ਼ਨਲ ਕਾਨਫਰੰਸ, ਕਾਂਗਰਸ, ਭਾਰਤੀ ਜਨਤਾ ਪਾਰਟੀ, ਪੈਂਥਰਜ਼ ਪਾਰਟੀ, ਜੰਮੂ-ਕਸ਼ਮੀਰ ਆਪਣੀ ਪਾਰਟੀ, ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਆਦਿ ਨੇ ਸ਼੍ਰੀਨਗਰ ਵਿਚ ਹੱਦਬੰਦੀ ਕਮਿਸ਼ਨ ਦੇ ਸਾਹਮਣੇ ਆਪਣਾ-ਆਪਣਾ ਪੱਖ ਰੱਖਿਆ। ਕਮਿਸ਼ਨ ਨਾਲ ਮੁਲਾਕਾਤ ਨੂੰ ਲੈ ਕੇ ਪੀਪਲਜ਼ ਅਲਾਇੰਸ ਫਾਰ ਗੁਪਕਾਰ (ਪੀ. ਏ. ਜੀ. ਡੀ.) ਵਿਚ ਸਹਿਮਤੀ ਨਾ ਬਣ ਸਕਣ ’ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇ ਕਮਿਸ਼ਨ ਦੀ ਮੁਖੀ ਰੰਜਨਾ ਪ੍ਰਕਾਸ਼ ਦੇਸਾਈ ਨੂੰ ਚਿੱਠੀ ਲਿਖ ਕੇ ਇਸ ਪ੍ਰਕਿਰਿਆ ਵਿਚ ਸ਼ਾਮਲ ਨਾ ਹੋਣ ਸਬੰਧੀ ਜਾਣੂ ਕਰਵਾਇਆ।
ਪੀ. ਡੀ. ਪੀ. ਨੇ ਦਲੀਲ ਦਿੱਤੀ ਹੈ ਕਿ ਇਸ ਪ੍ਰਕਿਰਿਆ ਕਾਰਨ ਸਿਆਸੀ ਸਸ਼ਕਤੀਕਰਨ ਨਹੀਂ ਹੋਵੇਗਾ, ਇਸ ਲਈ ਉਹ ਇਸ ਵਿਚ ਸ਼ਾਮਲ ਨਹੀਂ ਹੋਣਗੇ। ਪੀ. ਡੀ. ਪੀ. ਤੋਂ ਬਾਅਦ ਜੰਮੂ-ਕਸ਼ਮੀਰ ਅਵਾਮੀ ਨੈਸ਼ਨਲ ਕਾਨਫਰੰਸ ਨੇ ਵੀ ਹੱਦਬੰਦੀ ਕਮਿਸ਼ਨ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ। ਪਾਰਟੀ ਦੇ ਜਨਰਲ ਸਕੱਤਰ ਮੀਰ ਮੁਹੰਮਦ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਕੰਮ ਵਿਚ ਦਖਲ ਦੇਣਾ ਠੀਕ ਨਹੀਂ ਹੋਵੇਗਾ।