ਓਵਰਲੋਡ ਟਰੱਕਾਂ ਦੀ ਤਲਾਸ਼ੀ ਲਈ ਗਈ ਅੰਬਾਲਾ ਦੀ ਏ.ਡੀ.ਸੀ. ਦੇ ਕਾਫ਼ਲੇ ''ਤੇ ਹਮਲਾ

9/18/2020 4:41:03 PM

ਅੰਬਾਲਾ- ਹਰਿਆਣਾ ਦੇ ਅੰਬਾਲਾ 'ਚ ਲਾਠੀ-ਡੰਡਿਆਂ ਨਾਲ ਲੈੱਸ 60 ਤੋਂ 70 ਲੋਕਾਂ ਦੀ ਭੀੜ ਨੇ ਓਵਰਲੋਡ ਟਰੱਕਾਂ ਦੀ ਜਾਂਚ ਕਰਨ ਗਈ, ਇੱਥੋਂ ਦੀ ਐਡੀਸ਼ਨਲ ਡਿਪਟੀ ਕਮਿਸ਼ਨਰ (ਏ.ਡੀ.ਸੀ.) ਪ੍ਰੀਤੀ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵੀਰਵਾਰ ਰਾਤ ਉਸ ਸਮੇਂ ਹੋਈ ਜਦੋਂ ਪ੍ਰੀਤੀ- ਜੋ ਸੜਕ ਆਵਾਜਾਈ ਅਥਾਰਟੀ (ਆਰ.ਟੀ.ਏ.) ਦੀ ਵੀ ਸਕੱਤਰ ਹੈ- ਹਰਿਆਣਾ-ਪੰਜਾਬ ਸਰਹੱਦ ਨੇੜੇ ਅੰਬਾਲਾ-ਨਾਰਾਇਣਗੜ੍ਹ ਰਾਜਮਾਰਗ 'ਤੇ ਓਵਰਲੋਡ (ਸਮਰੱਥਾ ਤੋਂ ਵੱਧ ਭਾਰ ਵਾਲੇ) ਖਨਨ ਟਰੱਕਾਂ ਦੀ ਜਾਂਚ ਕਰ ਕੇ ਆ ਰਹੀ ਸੀ। ਉਨ੍ਹਾਂ ਨੇ ਕੁਝ ਟਰੱਕਾਂ ਨੂੰ ਖਾਲੀ ਕਰਵਾਇਆ ਸੀ ਅਤੇ ਕਈ ਵਾਹਨਾਂ ਦਾ ਚਲਾਨ ਕੀਤਾ ਸੀ। ਪੁਲਸ ਨੇ ਦੱਸਿਆ ਕਿ ਪ੍ਰੀਤੀ ਛਾਪੇਮਾਰੀ ਕਰਨ ਤੋਂ ਬਾਅਦ ਜਦੋਂ ਕਾਲਾ ਅੰਬ 'ਚ ਤਾਇਨਾਤ ਆਰ.ਟੀ.ਏ. ਅਧਿਕਾਰੀਆਂ ਨਾਲ ਸ਼ਹਿਰ ਵਾਪਸ ਆ ਰਹੀ ਸੀ, ਉਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਰਿਆਣਾ-ਪੰਜਾਬ ਸਰਹੱਦ 'ਤੇ ਸਥਿਤ ਹੰਡਸੇੜਾ ਪਿੰਡ ਕੋਲ ਕੁਝ ਓਵਰਲੋਡ ਟਰੱਕ ਖੜ੍ਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪ੍ਰੀਤੀ ਉੱਥੇ ਪਹੁੰਚੀ ਤਾਂ ਲਾਠੀ-ਡੰਡਿਆਂ ਨਾਲ ਲੈੱਸ 60 ਤੋਂ 70 ਲੋਕਾਂ ਨੇ ਉਨ੍ਹਾਂ ਦੇ ਕਾਫ਼ਲੇ 'ਤੇ ਹਮਲਾ ਕਰ ਦਿੱਤਾ।

ਹਮਲਾਵਰਾਂ ਨੇ ਆਰ.ਟੀ.ਏ. ਵਿਭਾਗ ਦੇ 2 ਵਾਹਨਾਂ ਨੂੰ ਵੀ ਖੋਹ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਏ.ਡੀ.ਸੀ. ਆਪਣੀ ਕਾਰ 'ਤੇ ਉਥੋਂ ਕਿਸੇ ਤਰ੍ਹਾਂ ਨਿਕਲੀ ਅਤੇ ਅੰਬਾਲਾ ਜ਼ਿਲ੍ਹੇ ਦੇ ਪੰਜੋਖੜਾ ਪੁਲਸ ਥਾਣੇ ਪਹੁੰਚੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਡਿਪਟੀ ਕਮਿਸ਼ਨਰ ਅਤੇ ਐੱਸ.ਡੀ.ਐੱਮ. ਭਾਰੀ ਫੋਰਸ ਨਾਲ ਮੌਕੇ 'ਤੇ ਪਹੁੰਚੇ। ਏ.ਡੀ.ਸੀ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਹਰਿਆਣਾ-ਪੰਜਾਬ ਸਰਹੱਦ 'ਤੇ ਪਹੁੰਚੀ ਤਾਂ 60 ਤੋਂ 70 ਲੋਕਾਂ ਨੇ ਉਨ੍ਹਾਂ ਦੇ ਕਾਫ਼ਲੇ 'ਤੇ ਹਮਲਾ ਕਰ ਦਿੱਤਾ ਅਤੇ ਟਰਾਂਸਪੋਰਟਰਾਂ ਵਿਰੁੱਧ ਮੁਹਿੰਮ ਨਹੀਂ ਰੋਕਣ 'ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਮੌਕੇ 'ਤੇ ਮੌਜੂਦ ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਰ.ਟੀ.ਏ. ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ 'ਤੇ ਅੱਧੀ ਰਾਤ ਅਣਪਛਾਤੇ ਲੋਕਾਂ ਵਿਰੁੱਧ ਸੰਬੰਧਤ ਧਾਰਾਵਾਂ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਘਟਨਾ 'ਕੁਝ ਟਰਾਂਸਪੋਰਟਰਾਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।


DIsha

Content Editor DIsha