ਕੀ ਤੁਸੀਂ ਵੇਖਿਆ ਹੈ ਅਜਿਹਾ ਓਵਰਬ੍ਰਿਜ, ਖੜ੍ਹ-ਖੜ੍ਹ ਤੱਕਣ ਲੱਗੇ ਲੋਕ
Thursday, Jul 03, 2025 - 12:12 PM (IST)

ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਭੋਪਾਲ ਦਾ 90 ਡਿਗਰੀ ਦਾ ਓਵਰਬ੍ਰਿਜ ਕਾਫੀ ਵਾਇਰਲ ਹੋਇਆ ਸੀ, ਜਿਸ ਦਾ ਲੋਕਾਂ ਵਲੋਂ ਬਹੁਤ ਮਜ਼ਾਕ ਬਣਾਇਆ ਗਿਆ। ਇਸ ਓਵਰਬ੍ਰਿਜ ਮਗਰੋਂ ਹੁਣ ਇੰਟਰਨੈੱਟ 'ਤੇ ਲਖਨਊ ਦੇ ਇਕ ਓਵਰਬ੍ਰਿਜ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਉਸਾਰੀ ਅਧੀਨ ਓਵਰਬ੍ਰਿਜ ਦਾ ਇਕ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਲਖਨਊ ਦੇ ਪਾਰਾ ਵਿਚ ਕ੍ਰਿਸ਼ਨਾਨਗਰ-ਕੇਸਰੀ ਖੇੜਾ ਓਵਰਬ੍ਰਿਜ ਦਾ ਉਸਾਰੀ ਦਾ ਕੰਮ ਪੂਰਾ ਨਹੀਂ ਹੋ ਸਕਿਆ। ਇਸ ਦਾ ਉਦੇਸ਼ ਕਈ ਲੋਕਾਂ ਲਈ ਯਾਤਰਾ ਨੂੰ ਆਸਾਨ ਬਣਾਉਣਾ ਸੀ ਪਰ ਜਿਸ ਚੀਜ਼ ਨੇ ਸਭ ਦਾ ਧਿਆਨ ਖਿੱਚਿਆ, ਉਹ ਸੀ ਓਵਰਬ੍ਰਿਜ ਸਿੱਧੇ ਇਕ ਇਮਾਰਤ ਨਾਲ ਟਕਰਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਇਮਾਰਤ ਦੀ ਕੰਧ ਨਾਲ ਲੋਹੇ ਦੀਆਂ ਸਲਾਖਾਂ ਇਸ ਤਰ੍ਹਾਂ ਜੁੜੀਆਂ ਲੱਗ ਰਹੀਆਂ ਹਨ, ਜੋ ਵੇਖਣ 'ਚ ਇੰਝ ਲੱਗ ਰਿਹਾ ਹੈ, ਮੰਨੋ ਪੁਲ ਨੂੰ ਇਮਾਰਤ ਦੇ ਅੰਦਰ ਹੀ ਬਣਾਇਆ ਗਿਆ ਹੋਵੇ।
ਲੋਕਾਂ ਨੇ ਮਜ਼ਾਕ ਵਿਚ ਇਸ ਨੂੰ ਦੁਨੀਆ ਦਾ 8ਵਾਂ ਅਜੂਬਾ ਦੱਸਿਆ ਹੈ। ਇਸ ਓਵਰਬ੍ਰਿਜ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਦੋ ਮਿਲੀਅਨ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ। ਇਸ ਵਾਇਰਲ ਵੀਡੀਓ ਪਿੱਛੇ ਇਕ ਗੰਭੀਰ ਮੁੱਦਾ ਸੀ, ਜਿਸ ਨੇ ਇਸ ਪ੍ਰਾਜੈਕਟ ਨੂੰ ਮਹੀਨਿਆਂ ਤੱਕ ਰੋਕ ਕੇ ਰੱਖਿਆ ਸੀ। ਇਹ ਇਕ ਜ਼ਮੀਨ ਵਿਵਾਦ ਸੀ, ਜਿਸ ਕਾਰਨ ਪੁਲ ਦਾ ਇਕ ਹਿੱਸਾ ਹਵਾ ਵਿਚ ਲਟਕ ਗਿਆ।
ਰਿਪੋਰਟ ਮੁਤਾਬਕ ਮੁੱਖ ਸਮੱਸਿਆ ਉਦੋਂ ਪੈਦਾ ਹੋਈ, ਜਦੋਂ ਨਿਰਮਾਣ ਕੰਮ ਪਾਰਾ ਵਿਚ ਕ੍ਰਿਸ਼ਨਾਨਗਰ-ਕੇਸਰੀ ਖੇੜਾ ਕ੍ਰਾਸਿੰਗ ਤੱਕ ਪਹੁੰਚ ਗਿਆ। ਮਕਾਨ ਅਤੇ ਦੁਕਾਨਾਂ ਸਿੱਧੇ ਫਲਾਈਓਵਰ ਦੇ ਰਸਤੇ ਵਿਚ ਸਨ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਇਹ ਹੀ ਕਾਰਨ ਹੈ ਕਿ ਫਲਾਈਓਵਰ ਦੇ ਇਕ ਰਿਹਾਇਸ਼ੀ ਇਮਾਰਤ ਨਾਲ ਟਕਰਾਉਣ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਰਿਪੋਰਟਾਂ ਮੁਤਾਬਕ ਇਮਾਰਤ ਨੂੰ ਪੂਰੀ ਤਰ੍ਹਾਂ ਡਿਗਾਉਣ ਅਤੇ ਮਲਬੇ ਨੂੰ ਹਟਾਉਣ ਵਿਚ ਕਰੀਬ 7 ਤੋਂ 8 ਦਿਨ ਲੱਗਣਗੇ। ਜਦੋਂ ਇਮਾਰਤ ਪੂਰੀ ਤਰ੍ਹਾਂ ਹਟਾ ਦਿੱਤੀ ਜਾਵੇਗੀ, ਤਾਂ ਓਵਰਬ੍ਰਿਜ ਦਾ ਬਾਕੀ ਉਸਾਰੀ ਕੰਮ ਜਾਰੀ ਰਹੇਗਾ।