ਕਰਨਾਟਕ ਦੇ ਬਿਦਾਨੁਰੂ ਕਿਲੇ ''ਚੋਂ ਮਿਲੇ ਟੀਪੂ ਸੁਲਤਾਨ ਦੇ 1000 ਰਾਕੇਟ
Saturday, Jul 28, 2018 - 09:33 PM (IST)
ਬੈਂਗਲੁਰੂ— ਕਰਨਾਟਕ ਦੇ ਸ਼ਿਵਮੋਗਾ ਜ਼ਿਲੇ 'ਚ ਬਿਦਾਨੁਰੂ ਕਿਲੇ 'ਚ ਇਕ ਇਸਤੇਮਾਲ ਨਾ ਹੋਣ ਵਾਲੇ ਖੂਹ 'ਚੋਂ 18ਵੀਂ ਸਦੀ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੇ 1000 ਤੋਂ ਜ਼ਿਆਦਾ ਰਾਕੇਟ ਮਿਲੇ ਹਨ। ਇਹ ਜਾਣਕਾਰੀ ਸ਼ਨੀਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ ਹੈ। ਸੂਬੇ ਦੇ ਪੁਰਾਤੱਤ ਵਿਭਾਗ ਦੇ ਸਹਾਇਕ ਨਿਰਦੇਸ਼ਕ ਆਰ. ਸ਼ੇਜੇਸ਼ਵਰ ਨਾਇਕ ਨੇ ਦੱਸਿਆ ਕਿ ਸ਼ਿਵਮੋਗਾ ਦੇ ਨੇੜੇ ਨਾਗਰਾ 'ਚ ਸਥਿਤ ਕਿਲੇ ਦੇ ਖੂਹ ਦੀ ਖੁਦਾਈ ਦੌਰਾਨ 1000 ਰਾਕੇਟ ਮਿਲੇ ਹਨ। ਟੀਪੂ ਸੁਲਤਾਨ ਦੇ ਕਾਰਜਕਾਲ 'ਚ ਇਹ ਰਾਕੇਟ ਖੂਹ 'ਚ ਜਮ੍ਹਾ ਕੀਤੇ ਗਏ ਸਨ, ਜਿਸ ਦੀ ਵਰਤੋਂ ਜੰਗ 'ਚ ਕੀਤੀ ਜਾਂਦੀ ਸੀ।
2002 'ਚ ਕੰਪਲੈਕਸ 'ਚ 160 ਜ਼ੰਗ ਲੱਗੇ ਰਾਕੇਟ ਮਿਲੇ ਸਨ। ਪੰਜ ਸਾਲ ਤੱਕ ਰਿਸਰਚ ਤੋਂ ਬਾਅਦ 2007 'ਚ ਉਨ੍ਹਾਂ ਦੀ ਪਛਾਣ ਹੋਈ ਸੀ। ਇਸ ਤੋਂ ਬਾਅਦ ਵਿਭਾਗ ਨੇ ਅਜਿਹੇ ਹੋਰ ਹਥਿਆਰਾਂ ਦੇ ਦੱਬੇ ਹੋਣ ਦੀ ਸੰਭਾਵਨਾ 'ਤੇ ਕੰਮ ਸ਼ੁਰੂ ਕੀਤਾ ਸੀ। ਨਾਇਕ ਨੇ ਕਿਹਾ ਕਿ ਖੂਹ ਦੀ ਖੁਦਾਈ ਦੌਰਾਨ ਚਿਕੜ 'ਚੋਂ ਬਾਰੂਦ ਦੀ ਬਦਬੂ ਮਿਲੀ। ਇਸ ਤੋਂ ਬਾਅਦ ਰਾਕੇਟ ਤੇ ਸ਼ੈਲ ਦਾ ਜ਼ਖੀਰਾ ਮਿਲਿਆ। ਹਰ ਇਕ 'ਚ ਪੋਟਾਸ਼ੀਅਮ ਨਾਈਟ੍ਰੇਟ, ਚਾਰਕੋਲ ਤੇ ਮੈਗਨੀਸ਼ੀਅਮ ਪਾਊਡਰ ਭਰਿਆ ਸੀ।
ਇਸ ਦੀ ਵਰਤੋਂ ਅੱਗ ਲਗਾਉਣ ਜਾਂ ਹਥਿਆਰ ਦੇ ਰੂਪ 'ਚ ਕੀਤੀ ਜਾਂਦੀ ਸੀ। ਪੁਰਾਤੱਤ-ਵਾਦੀਆਂ, ਖੁਦਾਈ ਕਰਨ ਵਾਲਿਆਂ ਤੇ ਮਜ਼ਦੂਰਾਂ ਦੀ 15 ਮੈਂਬਰੀ ਟੀਮ ਬਾਰੂਦ ਦੇ ਨਾਲ ਰਾਕੇਟ ਤੇ ਜ਼ੰਗ ਲੱਗੇ ਲੋਹੇ ਨੂੰ ਕੱਢਣ 'ਚ ਬੁੱਧਵਾਰ ਤੋਂ ਤਿੰਨ ਦਿਨਾਂ ਤੱਕ ਲੱਗੇ ਰਹੇ। ਇਹ ਰਾਕੇਟ ਵੱਖ-ਵੱਖ ਆਕਾਰ ਦੇ ਹਨ। ਇਨ੍ਹਾਂ ਦਾ ਆਕਾਰ 23 ਤੋਂ 26 ਸੈਮੀ ਜਾਂ 12 ਤੋਂ 14 ਇੰਚ ਹੈ। ਖੂਹ ਤੋਂ ਮਿਲੇ ਰਾਕੇਟ ਨੂੰ ਸ਼ਿਵਮੋਗਾ ਜ਼ਿਲੇ 'ਚ ਰਿਸਰਚ ਸੈਂਟਰ 'ਚ ਜਨਤਕ ਪ੍ਰਦਰਸ਼ਨ ਲਈ ਰੱਖਿਆ ਜਾਵੇਗਾ।
