ਅਦਾਲਤ ਦਾ ਹੁਕਮ : ਤਾਮਿਲਨਾਡੂ ਸਰਕਾਰ ਵਾਪਸ ਕਰੇ ਜੈਲਲਿਤਾ ਦੇ ਜ਼ਬਤ ਗਹਿਣੇ
Wednesday, Jan 24, 2024 - 01:53 PM (IST)
ਬੈਂਗਲੁਰੂ, (ਭਾਸ਼ਾ)– ਬੈਂਗਲੁਰੂ ਦੀ ਇਕ ਵਿਸ਼ੇਸ਼ ਅਦਾਲਤ ਨੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਸਵ. ਜੈਲਲਿਤਾ ਤੋਂ ਜ਼ਬਤ ਕੀਤੀਆਂ ਗਈਆਂ ਕੀਮਤੀ ਵਸਤੂਆਂ ਨੂੰ ਗੁਆਂਢੀ ਸੂਬੇ ਦੀ ਸਰਕਾਰ ਨੂੰ ਟਰਾਂਸਫਰ ਕਰਨ ਦਾ ਹੁਕਮ ਦਿੱਤਾ। ਅਦਾਲਤ ਦੇ ਫੈਸਲੇ ਤੋਂ ਬਾਅਦ ਤਾਮਿਲਨਾਡੂ ਸਰਕਾਰ ਇਨ੍ਹਾਂ ਸੋਨੇ ਤੇ ਹੀਰੇ ਦੇ ਗਹਿਣਿਆਂ ਦੇ ਨਿਪਟਾਰੇ ’ਤੇ ਜ਼ਰੂਰੀ ਕਾਰਵਾਈ ਕਰੇਗੀ।
ਇਹ ਗਹਿਣੇ ਜੈਲਲਿਤਾ ਅਤੇ ਹੋਰਨਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਮਿਲੇ ਸਬੂਤਾਂ ਦਾ ਹਿੱਸਾ ਹਨ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾਮਲੇ ਦੀ ਸੁਣਵਾਈ ਕਰਨਾਟਕ ਵਿਚ ਕੀਤੀ ਗਈ ਅਤੇ ਇਸ ਲਈ ਸਾਰੇ ਸਬੂਤ ਫਿਲਹਾਲ ਅਦਾਲਤ ਦੀ ਸੁਰੱਖਿਆ ਤਹਿਤ ਕਰਨਾਟਕ ਦੇ ਖਜ਼ਾਨੇ ਵਿਚ ਹਨ। 32 ਵਾਧੂ ਸ਼ਹਿਰੀ ਦੀਵਾਨੀ ਅਤੇ ਸੈਸ਼ਨ ਅਦਾਲਤ ਦੀ ਪ੍ਰਧਾਨਗੀ ਕਰ ਰਹੇ ਜੱਜ ਐੱਚ. ਏ. ਮੋਹਨ ਨੇ ਸੋਮਵਾਰ ਨੂੰ ਇਹ ਹੁਕਮ ਪਾਸ ਕੀਤਾ।
ਅਦਾਲਤ ਨੇ ਬੀਤੇ ਵਿਚ ਕਿਹਾ ਸੀ ਕਿ ਜੈਲਲਿਤਾ ਦੇ ਪਰਿਵਾਰਕ ਮੈਂਬਰ ਉਨ੍ਹਾਂ ਜਾਇਦਾਦਾਂ ਦੇ ਹੱਕਦਾਰ ਨਹੀਂ ਹਨ, ਜਿਨ੍ਹਾਂ ਨੂੰ ਜ਼ਬਤ ਕੀਤਾ ਗਿਆ ਹੈ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਜੈਲਲਿਤਾ ਦੀ ਭਤੀਜੀ ਜੇ. ਦੀਪਾ ਅਤੇ ਭਤੀਜੇ ਜੇ. ਦੀਪਕ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।