ਬੈਂਗਲੁਰੂ ’ਚ ਭਾਜਪਾ ਵਿਰੁੱਧ 26 ਪਾਰਟੀਆਂ ਦੇ ਆਗੂਆਂ ਨੇ ਦਿੱਤਾ ‘ਅਸੀਂ ਇੱਕ ਹਾਂ’ ਦਾ ਸੰਦੇਸ਼

07/18/2023 11:55:24 AM

ਬੈਂਗਲੁਰੂ, (ਭਾਸ਼ਾ)- 2024 ਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਹਿਤ ਸੋਮਵਾਰ ਇੱਥੇ 26 ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ। ਇਨ੍ਹਾਂ ਪਾਰਟੀਆਂ ਦੇ ਸਿਖਰਲੇ ਆਗੂ ਰਾਤ ਦੇ ਖਾਣੇ ਮੌਕੇ ਮਿਲੇ, ਜਿੱਥੋਂ ਉਨ੍ਹਾਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਇੱਕਜੁੱਟ ਹਨ।

ਵਿਰੋਧੀ ਪਾਰਟੀਆਂ ਮੰਗਲਵਾਰ ਰਸਮੀ ਤੌਰ ’ਤੇ ਇਸ ਸਬੰਧੀ ਸਲਾਹ-ਮਸ਼ਵਰਾ ਕਰਨਗੀਆਂ ਕਿ ਅਗਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਵਿਰੁੱਧ ਸਾਂਝਾ ਪ੍ਰੋਗਰਾਮ ਕਿਵੇਂ ਤਿਆਰ ਕੀਤਾ ਜਾਏ ਅਤੇ ਇਕਜੁੱਟ ਹੋ ਕੇ ਉਸ ਨੂੰ ਕਿਵੇਂ ਹਰਾਇਆ ਜਾਏ?

ਮੰਗਲਵਾਰ ਦੂਜੇ ਦਿਨ ਦੀ ਬੈਠਕ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਕੁਝ ਹੋਰ ਨੇਤਾ ਵੀ ਹਿੱਸਾ ਲੈਣਗੇ। ਉਸ ਪਿੱਛੋਂ ਬੈਠਕ ’ਚ ਸ਼ਾਮਲ ਵਿਰੋਧੀ ਪਾਰਟੀਆਂ ਦੇ ਨੇਤਾ ਸਾਂਝੀ ਪ੍ਰੈੱਸ ਕਾਨਫਰੰਸ ਰਾਹੀਂ ਭਵਿਖ ਦੀ ਰੂਪ-ਰੇਖਾ ਪੇਸ਼ ਕਰਨਗੇ।

ਮੀਟਿੰਗ ਵਾਲੀ ਥਾਂ ’ਤੇ ਇਕ ਬੈਨਰ ਲਾਇਆ ਗਿਆ ਹੈ, ਜਿਸ ’ਤੇ ‘ਯੂਨਾਈਟਿਡ ਵੀ ਸਟੈਂਡ’ (ਅਸੀਂ ਇੱਕ ਹਾਂ) ਲਿਖਿਆ ਹੋਇਆ ਹੈ। ਬੈਂਗਲੁਰੂ ਦੀਆਂ ਸੜਕਾਂ ’ਤੇ ਵੀ ਇਸ ਨਾਅਰੇ ਦੇ ਪੋਸਟਰ ਵੱਡੀ ਗਿਣਤੀ ’ਚ ਲਾਏ ਗਏ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵੱਲੋਂ ਵਿਰੋਧੀ ਧਿਰ ਦੇ ਨੇਤਾਵਾਂ ਲਈ ਸ਼ਹਿਰ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਦਿੱਤੇ ਗਏ ਰਾਤ ਦੇ ਖਾਣੇ ਤੋਂ ਪਹਿਲਾਂ ਇੱਥੇ ਗੈਰ ਰਸਮੀ ਤੌਰ ’ਤੇ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।

ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਚੋਟੀ ਦੇ ਨੇਤਾ ਨਿਤੀਸ਼ ਕੁਮਾਰ, ਡੀ.ਐੱਮ.ਕੇ. ਦੇ ਨੇਤਾ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ, ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ, ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਕੁਝ ਹੋਰ ਨੇਤਾ ਇਸ ਮੌਕੇ ’ਤੇ ਮੌਜੂਦ ਸਨ।

ਵਿਰੋਧੀ ਧਿਰ ਦੀ ਏਕਤਾ ਨੂੰ ਵੇਖਦਿਆਂ ਭਾਜਪਾ ਨੂੰ 38 ਦੀ ਲੋੜ : ਖੜਗੇ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਦੀ ਏਕਤਾ ਨੂੰ ਵੇਖਦੇ ਹੋਏ ਭਾਜਪਾ ਨੂੰ 38 ਦੀ ਲੋੜ ਹੈ। ਵਰਣਨਯੋਗ ਹੈ ਕਿ ਵਿਰੋਧੀ ਧਿਰ ਦੀ ਬੈਠਕ ਦੇ ਜਵਾਬ ਵਿਚ ਐੱਨ. ਡੀ. ਏ. ਦੀਆਂ 38 ਸਹਿਯੋਗੀ ਪਾਰਟੀਆਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇਸ਼ ਦੇ ਹਿੱਤਾਂ ਵਿੱਚ ਮਿਲ ਕੇ ਕੰਮ ਕਰਨਗੀਆਂ।


Rakesh

Content Editor

Related News