ਹਰਿਆਣਾ ਦੀ ਧਰਤੀ ਤੋਂ ਭਾਜਪਾ ਖਿਲਾਫ਼ ਵਿਰੋਧੀ ਗਠਜੋੜ ਲਈ ਵੱਜਾ ਬਿਗੁਲ

Monday, Sep 26, 2022 - 10:15 AM (IST)

ਹਰਿਆਣਾ ਦੀ ਧਰਤੀ ਤੋਂ ਭਾਜਪਾ ਖਿਲਾਫ਼ ਵਿਰੋਧੀ ਗਠਜੋੜ ਲਈ ਵੱਜਾ ਬਿਗੁਲ

ਫਤਿਹਾਬਾਦ (ਸੰਜੇ ਅਰੋੜਾ/ਸੁਖਰਾਜ)- ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ 109ਵੇਂ ਜਨਮ ਦਿਨ ’ਤੇ ਫਤਿਹਾਬਾਦ ’ਚ ਆਯੋਜਿਤ ਸਨਮਾਨ ਦਿਵਸ ਰੈਲੀ ’ਚ ਜਿੱਥੇ ਇਨੈਲੋ ਨੇ ਵੱਡਾ ਇੱਕਠ ਕਰ ਕੇ ਆਪਣੀ ਸਿਆਸੀ ਤਾਕਤ ਦਾ ਅਹਿਸਾਸ ਕਰਵਾਇਆ, ਉੱਥੇ ਇਕ ਵਾਰ ਫਿਰ ਚੌਧਰੀ ਦੇਵੀ ਲਾਲ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ’ਚ ਭਾਜਪਾ ਖਿਲਾਫ਼ ਮਹਾਗਠਜੋੜ ਦੇ ਗਠਨ ਦਾ ਵੀ ਬਿਗੁਲ ਵੱਜ ਗਿਆ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਸੀ. ਪੀ.ਆਈ.(ਐੱਮ) ਦੇ ਨੇਤਾ ਸੀਤਾ ਰਾਮ ਯੇਚੁਰੀ ਵਰਗੇ ਨੇਤਾ ਇਨੈਲੋ ਦੀ ਇਸ ਸੂਬਾ ਪੱਧਰੀ ਰੈਲੀ ਦੇ ਮੰਚ ’ਤੇ ਮੌਜੂਦ ਰਹੇ।

ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਨਤਾ ਦਲ (ਯੂ) ਦੇ ਜਨਰਲ ਸਕੱਤਰ ਡਾ. ਕੇ. ਸੀ. ਤਿਆਗੀ, ਸ਼ਿਵ ਸੈਨਾ ਆਗੂ ਅਰਵਿੰਦ ਸਾਵੰਤ, ਸ਼ੇਰ ਸਿੰਘ ਰਾਣਾ, ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਤੇ ਰਾਮਪਾਲ ਮਾਜਰਾ ਸਮੇਤ ਕਈ ਵੱਡੇ ਆਗੂ ਵੀ ਮੌਜੂਦ ਰਹੇ। ਰੈਲੀ ਦਾ ਮੰਚ ਸੰਚਾਲਨ ਇਨੈਲੋ ਦੇ ਕੌਮੀ ਜਨਰਲ ਸਕੱਤਰ ਅਤੇ ਐਲਨਾਬਾਦ ਦੇ ਵਿਧਾਇਕ ਅਭੈ ਚੌਟਾਲਾ ਨੇ ਕੀਤਾ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਤੀਜੇ ਮੋਰਚੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਅਸੀਂ ਮੁੱਖ ਮਹਾਗਠਜੋੜ ਬਣਾਵਾਂਗੇ। ਇਸ ਲਈ ਉਨ੍ਹਾਂ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੂੰ ਅਗਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਉਹ 7 ਸਿਆਸੀ ਪਾਰਟੀਆਂ ਨਾਲ ਕੰਮ ਕਰ ਰਹੇ ਹਨ ਜਦਕਿ ਭਾਜਪਾ ਨਾਲ ਕੋਈ ਨਹੀਂ ਹੈ। ਹੁਣ ਅਸੀਂ ਕਾਂਗਰਸ ਨੂੰ ਵੀ ਇਕਜੁੱਟ ਹੋਣ ਦੀ ਬੇਨਤੀ ਕਰ ਰਹੇ ਹਾਂ।

ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਚੌਧਰੀ ਦੇਵੀ ਲਾਲ ਨੇ ਹਮੇਸ਼ਾ ਆਮ ਲੋਕਾਂ ਦੀਆਂ ਬੁਨਿਆਦੀ ਚੀਜ਼ਾਂ ਲਈ ਸੰਘਰਸ਼ ਕੀਤਾ। ਦੇਸ਼ ਦੇ ਸਭ ਪ੍ਰਮੁੱਖ ਸਿਆਸਤਦਾਨਾਂ ਨੇ ਮਨ ਬਣਾ ਲਿਆ ਹੈ ਕਿ ਇਸ ਮਾੜੇ ਰਾਜ ਨੂੰ ਖਤਮ ਕੀਤਾ ਜਾਵੇ। ਜੇ ਇਨੈਲੋ ਦੀ ਸਰਕਾਰ ਬਣਦੀ ਹੈ ਤਾਂ ਬਜ਼ੁਰਗਾਂ ਨੂੰ 10,000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਇਕ ਸਾਲ ’ਚ ਐਸ. ਵਾਈ. ਐਲ ਨਹਿਰ ਬਣ ਜਾਏਗੀ। ਕਾਲੇ ਖੇਤੀ ਕਾਨੂੰਨ ਵਿਰੁੱਧ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਜਲ੍ਹਿਆਂਵਾਲਾ ਬਾਗ ਦੀ ਤਰਜ਼ ’ਤੇ ਯਾਦਗਾਰ ਬਣਾਈ ਜਾਵੇਗੀ।

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਅੱਜ ਅਸੀਂ ਇਕ ਅਜਿਹੇ ਵਿਅਕਤੀ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ ਜਿਸ ਨੇ ਕਿਸਾਨਾਂ, ਗਰੀਬਾਂ ਅਤੇ ਮਜ਼ਦੂਰਾਂ ਦੀ ਬਿਹਤਰੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ। ਭਾਜਪਾ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਮੈਂ ਤਾਊ ਦੇਵੀ ਲਾਲ ਤੇ ਸੀ.ਪੀ.ਆਈ. ਦੇ ਸੀਨੀਅਰ ਨੇਤਾ ਸੀਤਾ ਰਾਮ ਯੇਚੁਰੀ ਦੇ ਸਿਧਾਂਤਾਂ ਦੇ ਆਧਾਰ ’ਤੇ ਰਾਜਨੀਤੀ ਕਰਨੀ ਸਿੱਖੀ ਹੈ।

ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਅੱਜ ਭਾਜਪਾ ਸਾਰੀਆਂ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਭਾਜਪਾ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਗੱਲ ਨਹੀਂ ਕਰਦੀ। ਉਹ ਹਿੰਦੂ-ਮੁਸਲਿਮ ਅਤੇ ਮੰਦਰ -ਮਸਜਿਦ ’ਤੇ ਹੀ ਗੱਲ ਕਰਦੀ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਇਨੈਲੋ ਅਤੇ ਅਕਾਲੀ ਦਲ ਅਸਲੀ ਭਰਾ ਹਨ। ਭਾਜਪਾ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਭੁੱਲ ਗਈ ਹੈ। ਜੇ ਕਿਸਾਨ, ਗਰੀਬ, ਮਜ਼ਦੂਰ ਇਕ ਝੰਡੇ ਹੇਠ ਆ ਜਾਣ ਤਾਂ ਸਾਡੀ ਸਰਕਾਰ ਯਕੀਨੀ ਹੈ। ਊਧਵ ਠਾਕਰੇ ਵਲੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ, ਮਿਜ਼ੋਰਮ ਦੇ ਵਿਧਾਇਕ ਮੇਵਾਰ ਕੁਮਾਰ ਜਾਮਾਤੀਆ ਅਤੇ ਕੇ. ਸੀ. ਤਿਆਗੀ ਨੇ ਵੀ ਸੰਬੋਧਨ ਕੀਤਾ।


author

Tanu

Content Editor

Related News