ਕਰਜ਼ ਤੋਂ ਪਰੇਸ਼ਾਨ ਡਾਕਟਰ ਅਸ਼ੋਕ ਗਰਗ ਨੇ ਜ਼ਹਿਰੀਲਾ ਪਦਾਰਥ ਖਾ ਕੀਤੀ ਖ਼ੁਦਕੁਸ਼ੀ
Wednesday, May 10, 2023 - 01:56 PM (IST)
ਹਿਸਾਰ (ਵਾਰਤਾ)- ਹਰਿਆਣਾ 'ਚ ਹਿਸਾਰ ਦੇ ਮਸ਼ਹੂਰ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਸ਼ੋਕ ਗਰਗ ਨੇ ਮੰਗਲਵਾਰ ਨੂੰ ਆਪਣੇ ਘਰ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਉਹ ਕਰਜ਼ ਹੇਠ ਦੱਬੇ ਸਨ ਅਤੇ ਉਨ੍ਹਾਂ 'ਤੇ ਆਈ ਸੈਂਟਰ ਦੇ ਭਵਨ ਨੂੰ ਲੈ ਕੇ ਧੋਖਾਧੜੀ ਅਤੇ ਚੈੱਕ ਬਾਊਂਸ ਦੇ ਕਈ ਮਾਮਲੇ ਚੱਲ ਰਹੇ ਸਨ। ਪੁਲਸ ਨੇ ਦੱਸਿਆ ਕਿ ਆਜ਼ਾਦ ਨਗਰ ਪੁਲਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਡਾ. ਗਰਗ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ 14 ਲੋਕਾਂ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਲਿਆ ਹੋਇਆ ਕਰਜ਼ ਵਾਪਸ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਧਾਰਾ 138 (ਚੈੱਕ ਬਾਊਂਸ) ਦੇ ਝੂਠੇ ਮਾਮਲੇ ਦਰਜ ਕਰਵਾਏ ਗਏ ਹਨ। ਡਾ. ਗਰਗ ਰਾਸ਼ਟਰਪਤੀ ਦੇ ਮੈਡੀਕਲ ਪੈਨਲ 'ਤੇ ਬਤੌਰ ਨੇਤਰ ਮਾਹਿਰ ਰਹਿ ਚੁੱਕੇ ਹਨ। ਉਨ੍ਹਾਂ ਨੇ ਅੱਖਾਂ ਦੀ ਦੇਖਭਾਲ 'ਤੇ ਕਈ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੁਰਸਕਾਰਾਂ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਉਹ ਆਰਥਿਕ ਤੌਰ 'ਤੇ ਪਰੇਸ਼ਾਨੀ ਚੱਲ ਰਹੇ ਸਨ। ਹਿਸਾਰ ਦੇ ਡਾਬੜਾ ਚੌਕ ਤੋਸ਼ਾਮ ਰੋੜ ਸਥਿਤ ਗਰਗ ਅਤੇ ਰਿਸਰਚ ਸੈਂਟਰ ਦੇ ਸੰਚਾਲਕ ਡਾ. ਗਰਗ 'ਤੇ ਸਾਲ 2019 'ਚ ਧੋਖਾਧੜੀ ਸਮੇਤ ਕੁਝ ਹੋਰ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਸੀ। ਆਈ.ਸੀ.ਆਈ.ਸੀ. ਬੈਂਕ ਦੀ ਦਿੱਲੀ ਸ਼ਾਖਾ ਦੇ ਮੈਨੇਜਰ ਰਵੀ ਕਿਰਨ ਗਰਗ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਸੀ। ਮਾਮਲੇ ਅਨੁਸਾਰ ਡਾ. ਗਰਗ ਨੇ ਆਪਣੇ ਅੱਖਾਂ ਦੇ ਸੈਂਟਰ ਦੇ ਭਵਨ ਦੇ ਨਾਮ 'ਤੇ ਬੈਂਕ ਤੋਂ ਕਰਜ਼ ਲਿਆ ਸੀ। ਜਿਸ ਭਵਨ 'ਤੇ ਉਨ੍ਹਾਂ ਨੇ ਕਰਜ਼ ਲਿਆ ਉਸ ਨੂੰ ਉਹ ਪਹਿਲਾਂ ਹੀ ਵੇਚ ਚੁੱਕੇ ਸਨ। ਪੁਲਸ ਜਾਂਚ ਤੋਂ ਬਾਅਦ ਉਨ੍ਹਾਂ ਨੂੰ 2020 'ਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ, ਜਿਸ 'ਚ ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।