'ਆਪਰੇਸ਼ਨ ਸਿੰਦੂਰ' ਰਾਹੀਂ ਅਸੀਂ ਅੱਤਵਾਦ ਖ਼ਿਲਾਫ਼ ਖਿੱਚੀ ਹੈ ਲਕਸ਼ਮਣ ਰੇਖਾ : CDS ਅਨਿਲ ਚੌਹਾਨ

Tuesday, Jun 03, 2025 - 05:40 PM (IST)

'ਆਪਰੇਸ਼ਨ ਸਿੰਦੂਰ' ਰਾਹੀਂ ਅਸੀਂ ਅੱਤਵਾਦ ਖ਼ਿਲਾਫ਼ ਖਿੱਚੀ ਹੈ ਲਕਸ਼ਮਣ ਰੇਖਾ : CDS ਅਨਿਲ ਚੌਹਾਨ

ਪੁਣੇ- ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਜਨਰਲ ਅਨਿਲ ਚੌਹਾਨ ਨੇ ਮੰਗਲਵਾਰ ਨੂੰ ਕਿਹਾ ਕਿ ਪੇਸ਼ੇਵਰ ਫੌਜਾਂ ਅਸਥਾਈ ਨੁਕਸਾਨ ਤੋਂ ਪ੍ਰਭਾਵਿਤ ਨਹੀਂ ਹੁੰਦੀਆਂ, ਕਿਉਂਕਿ ਸਮੁੱਚੇ ਨਤੀਜੇ ਅਜਿਹੇ ਨੁਕਸਾਨਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ। ਸੀਨੀਅਰ ਫੌਜ ਕਮਾਂਡਰ ਨੇ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਹਜ਼ਾਰਾਂ ਜ਼ਖ਼ਮ ਦੇ ਕੇ ਖੂਨ ਵਹਾਉਣ ਦੀ ਨੀਤੀ 'ਤੇ ਚੱਲ ਰਿਹਾ ਹੈ ਪਰ ਨਵੀਂ ਦਿੱਲੀ ਨੇ 'ਆਪਰੇਸ਼ਨ ਸਿੰਦੂਰ' ਰਾਹੀਂ ਸਰਹੱਦ ਪਾਰ ਅੱਤਵਾਦ ਖ਼ਿਲਾਫ਼ ਪੂਰੀ ਤਰ੍ਹਾਂ ਨਵੀਂ ਲਕਸ਼ਮਣ ਰੇਖਾ ਖਿੱਚੀ ਹੈ। 

ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ 'ਚ ਆਪਣੇ ਸੰਬੋਧਨ 'ਚ ਜਨਰਲ ਚੌਹਾਨ ਨੇ ਇਹ ਗੱਲ ਸਵੀਕਾਰ ਕਰਨ ਲਈ ਹੋ ਰਹੀ ਆਪਣੀ ਆਲੋਚਨਾ ਨੂੰ ਖਾਰਜ ਕੀਤਾ ਕਿ 'ਆਪਰੇਸ਼ਨ ਸਿੰਦੂਰ' ਦੇ ਸ਼ੁਰੂਆਤੀ ਪੜਾਅ 'ਚ ਭਾਰਤ ਨੇ ਲੜਾਕੂ ਜਹਾਜ਼ ਗੁਆ ਦਿੱਤੇ। ਉਨ੍ਹਾਂ ਕਿਹਾ,''ਜਦੋਂ ਮੈਨੂੰ ਸਾਡੇ ਵੱਲ ਹੋਏ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਮੈਂ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ ਸਗੋਂ ਨਤੀਜੇ ਅਤੇ ਤੁਸੀਂ ਕਿਵੇਂ ਕੰਮ ਕਰਦੇ ਹੋ, ਇਹ ਮਹੱਤਵਪੂਰਨ ਹੈ।'' ਚੌਹਾਨ ਨੇ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਨੁਕਸਾਨ ਅਤੇ ਗਿਣਤੀ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ। ਸੀਡੀਐੱਸ ਨੇ ਕਿਹਾ ਕਿ ਯੁੱਧ 'ਚ ਜੇਕਰ ਨੁਕਸਾਨ ਵੀ ਹੁੰਦਾ ਹੈ ਤਾਂ ਤੁਹਾਨੂੰ ਆਪਣਾ ਮਨੋਬਲ ਬਣਾਏ ਰੱਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਮਹੱਤਵਪੂਰਨ ਨਹੀਂ ਸਗੋਂ ਨਤੀਜੇ ਮਹੱਤਵਪੂਰਨ ਹਨ। 

ਉਨ੍ਹਾਂ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਵਲੋਂ ਪਹਿਲਗਾਮ ਹਮਲੇ ਤੋਂ ਕੁਝ ਹਫ਼ਤੇ ਪਹਿਲਾਂ ਭਾਰਤ ਅਤੇ ਹਿੰਦੂਆਂ ਖ਼ਿਲਾਫ਼ 'ਜ਼ਹਿਰ ਉਗਲੇ ਜਾਣ' ਦਾ ਵੀ ਜ਼ਿਕਰ ਕੀਤਾ ਤਾਂ ਕਿ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਸਕੇ ਕਿ ਇਸਲਾਮਾਬਾਦ ਦਾ ਦ੍ਰਿਸ਼ਟੀਕੋਣ 'ਭਾਰਤ ਨੂੰ ਹਜ਼ਾਰ ਜ਼ਖ਼ਮ ਦੇ ਕੇ ਖੂਨ ਵਹਾਉਣ' ਦਾ ਰਿਹਾ ਹੈ। ਜਨਰਲ ਚੌਹਾਨ ਨੇ ਕਿਹਾ ਕਿ ਪਹਿਲਗਾਮ 'ਚ ਜੋ ਕੁਝ ਹੋਇਆ, ਉਹ ਹੱਦ ਦਰਜੇ ਦੀ ਬੇਰਹਿਮੀ ਸੀ। ਉਨ੍ਹਾਂ ਕਿਹਾ ਕਿ 'ਆਪਰੇਸ਼ਨ ਸਿੰਦੂਰ' ਦੇ ਪਿੱਛੇ ਸੋਚ ਇਹ ਸੀ ਕਿ ਪਾਕਿਸਤਾਨ ਤੋਂ ਰਾਜ-ਸਪਾਂਸਰਡ ਅੱਤਵਾਦ 'ਤੇ ਨਕੇਲ ਕੱਸੀ ਜਾਵੇ ਅਤੇ ਉਸ ਦੇਸ਼ ਨੂੰ ਭਾਰਤ ਨੂੰ ਅੱਤਵਾਦ ਦਾ ਬੰਧਕ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਜਨਰਲ ਚੌਹਾਨ ਨੇ ਕਿਹਾ ਕਿ ਭਾਰਤ ਅੱਤਵਾਦ ਅਤੇ ਪਰਮਾਣੂ ਬਲੈਕਮੇਲ ਤੋਂ ਡਰਨ ਵਾਲਾ ਨਹੀਂ ਹੈ। ਭਾਰਤ ਦੇ ਫ਼ੌਜ ਹਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਪਾਕਿਸਤਾਨੀ ਟਿਕਾਣਿਆਂ 'ਤੇ ਬਹੁਤ ਸੋਚ ਸਮਝ ਕੇ ਹਮਲੇ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News