ਅਫ਼ਗਾਨਿਸਤਾਨ ਤੋਂ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਭਾਰਤ ਦੇ ਮਿਸ਼ਨ ਦਾ ਨਾਂ ਰੱਖਿਆ ਗਿਆ ‘ਆਪਰੇਸ਼ਨ ਦੇਵੀ ਸ਼ਕਤੀ’

Tuesday, Aug 24, 2021 - 05:22 PM (IST)

ਨਵੀਂ ਦਿੱਲੀ—  ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਤੋਂ ਭਾਰਤੀ ਨਾਗਰਿਕਾਂ ਅਤੇ ਅਫ਼ਗਾਨ ਸਹਿਯੋਗੀਆਂ ਨੂੰ ਸੁਰੱਖਿਅਤ ਲਿਆਉਣ ਲਈ ਭਾਰਤ ਦੇ ਮੁਸ਼ਕਲ ਮਿਸ਼ਨ ਦਾ ਨਾਂ ‘ਆਪਰੇਸ਼ਨ ਦੇਵੀ ਸ਼ਕਤੀ’ ਰੱਖਿਆ ਗਿਆ ਹੈ। ਇਸ ਮੁਹਿੰਮ ਦੇ ਨਾਂ ਬਾਰੇ ਉਦੋਂ ਪਤਾ ਲੱਗਾ ਜਦੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 78 ਹੋਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਲਿਆਏ ਜਾਣ ਦੇ ਸੰਦਰਭ ’ਚ ਮੰਗਲਵਾਰ ਨੂੰ ਇਕ ਟਵੀਟ ’ਚ ਇਸ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ‘ਆਪਰੇਸ਼ਨ ਦੇਵੀ ਸ਼ਕਤੀ’ ਜਾਰੀ ਹੈ। ਕਾਬੁਲ ਤੋਂ 78 ਲੋਕਾਂ ਨੂੰ ਦੁਸ਼ਾਂਬੇ ਦੇ ਰਸਤਿਓਂ ਲਿਆਂਦਾ ਗਿਆ। ਆਈ. ਏ. ਐੱਫ.- ਐੱਮ. ਸੀ. ਸੀ,  ਏਅਰ ਇੰਡੀਅਨ ਅਤੇ ਟੀਮ ਐੱਮ. ਈ. ਏ. ਨੂੰ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਨਮਨ।

PunjabKesari

ਇਹ ਵੀ ਪੜ੍ਹੋ: ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’

ਦੱਸ ਦੇਈਏ ਕਿ ਭਾਰਤ ਨੇ 16 ਅਗਸਤ ਨੂੰ ਕਾਬੁਲ ਤੋਂ 40 ਭਾਰਤੀਆਂ ਨੂੰ ਜਹਾਜ਼ ਤੋਂ ਦਿੱਲੀ ਲਿਆ ਕੇ ਲੋਕਾਂ ਨੂੰ ਸੁਰੱਖਿਅਤ ਲਿਆਉਣ ਲਈ ਮੁਸ਼ਕਲ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਕ ਦਿਨ ਪਹਿਲਾਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ। ਕਾਬੁਲ ਵਿਚ ਖਰਾਬ ਹੁੰਦੀ ਸੁਰੱਖਿਆ ਸਥਿਤੀ ਅਤੇ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਜਾਣ ਲਈ ਵੱਖ-ਵੱਖ ਦੇਸ਼ਾਂ ਦੀਆਂ ਕੋਸ਼ਿਸ਼ਾਂ ਦਰਮਿਆਨ ਭਾਰਤ ਹੁਣ ਤੱਕ 800 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਲਿਆ ਚੁੱਕਾ ਹੈ। ਪਿਛਲੇ ਇਕ ਹਫ਼ਤੇ ਤੋਂ ਹਜ਼ਾਰਾਂ ਅਫ਼ਗਾਨ ਨਾਗਰਿਕ ਕਾਬੁਲ ਹਵਾਈ ਅੱਡੇ ਦੇ ਆਲੇ-ਦੁਆਲੇ ਇਕੱਠੇ ਹਨ, ਜੋ ਤਾਲਿਬਾਨ ਦੇ ਕਬਜ਼ੇ ਮਗਰੋਂ ਆਪਣਾ ਦੇਸ਼ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਤਾਲਿਬਾਨ ਨਾਲ ਦੇਸ਼ ਵਿਚ ਬੇਰਹਿਮੀ ਦਾ ਦੌਰ ਫਿਰ ਤੋਂ ਵਾਪਸ ਪਰਤ ਆਵੇਗਾ। 

ਇਹ ਵੀ ਪੜ੍ਹੋ: ਕਾਬੁਲ ਤੋਂ ਦਿੱਲੀ ਮਰਿਆਦਾ ਸਹਿਤ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ‘ਸਰੂਪ’

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਅਗਸਤ ਨੂੰ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਵਿਚ ਅਧਿਕਾਰੀਆਂ ਨੂੰ ਅਫ਼ਗਾਨਿਸਤਾਨ ਤੋਂ ਸਾਰੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਿਆਉਣ ਅਤੇ ਭਾਰਤ ਆਉਣ ਦੇ ਇੱਛੁਕ ਅਫ਼ਗਾਨ ਹਿੰਦੂ-ਸਿੱਖਾਂ ਨੂੰ ਸ਼ਰਨ ਉਪਲੱਬਧ ਕਰਾਉਣ ਦਾ ਨਿਰਦੇਸ਼ ਦਿੱਤੇ ਸਨ। ਮੰਗਲਵਾਰ ਯਾਨੀ ਕਿ ਅੱਜ ਭਾਰਤ ਆਪਣੇ 25 ਨਾਗਰਿਕਾਂ ਅਤੇ ਕਈ ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਸਮੇਤ 78 ਲੋਕਾਂ ਨੂੰ ਦੁਸ਼ਾਂਬੇ ਤੋਂ ਲੈ ਕੇ ਆਇਆ, ਜਿਨ੍ਹਾਂ ਨੂੰ ਇਕ ਦਿਨ ਪਹਿਲਾਂ ਕਾਬੁਲ ਤੋਂ ਤਜ਼ਾਕਿਸਤਾਨ ਦੀ ਰਾਜਧਾਨੀ ਪਹੁੰਚਾਇਆ ਗਿਆ ਸੀ।


Tanu

Content Editor

Related News