ਤੇਲੰਗਾਨਾ ’ਚ ਭਾਜਪਾ ਹੀ ਲਿਆ ਸਕਦੀ ਹੈ ਤਬਦੀਲੀ : ਅਮਿਤ ਸ਼ਾਹ
Saturday, Nov 25, 2023 - 06:36 PM (IST)
ਹੈਦਰਾਬਾਦ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਤੇਲੰਗਾਨਾ ’ਚ ਸਿਰਫ ਭਾਜਪਾ ਹੀ ਤਬਦੀਲੀ ਲਿਆ ਸਕਦੀ ਹੈ। ਕਾਂਗਰਸ ਜਾਂ ਏ. ਆਈ. ਐੱਮ. ਆਈ. ਐੱਮ. ਨੂੰ ਵੋਟ ਪਾਉਣਾ ਬੀ. ਆਰ. ਐੱਸ. ਨੂੰ ਵੋਟ ਦੇਣ ਵਾਂਗ ਹੋਵੇਗਾ।
ਸ਼ਨੀਵਾਰ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ਼ਾਹ ਨੇ ਕਿਹਾ ਕਿ ਏ. ਆਈ. ਐੱਮ. ਆਈ. ਐੱਮ. ਅਤੇ ਕਾਂਗਰਸ ਦਾ ਇਤਿਹਾਸ ਦੱਸਦਾ ਹੈ ਕਿ ਦੋਵਾਂ ਪਾਰਟੀਆਂ ਨੇ ਬੀ. ਆਰ. ਐੱਸ. ਦਾ ਸਮਰਥਨ ਕੀਤਾ ਸੀ। ਜਦੋਂ ਵੀ ਓਵੈਸੀ ਵਿਧਾਇਕ ਚੁਣੇ ਗਏ, ਉਨ੍ਹਾਂ ਤੁਸ਼ਟੀਕਰਨ ਦੀ ਰਾਜਨੀਤੀ ਕਰ ਕੇ ਬੀ. ਆਰ. ਐੱਸ. ਦਾ ਸਮਰਥਨ ਕੀਤਾ। ਬਾਅਦ ਵਿੱਚ ਚੁਣੇ ਗਏ ਕਾਂਗਰਸੀ ਵਿਧਾਇਕ ਬੀ. ਆਰ. ਐੱਸ. ਵਿੱਚ ਸ਼ਾਮਲ ਹੋ ਗਏ। ਇਸ ਦਾ ਮਤਲਬ ਇਹ ਹੈ ਕਿ ਸੂਬੇ ਵਿੱਚ ਸੱਤਾ ਦੀ ਤਬਦੀਲੀ ਲਈ ਤੁਹਾਡੀ ਵੋਟ ਯਕੀਨੀ ਤੌਰ ’ਤੇ ਉਦੋਂ ਬਰਬਾਦ ਹੋਵੇਗੀ ਜਦੋਂ ਇਹ ਕਾਂਗਰਸ ਲਈ ਹੈ।
ਕਾਂਗਰਸ ਵੱਲੋਂ ਭਾਜਪਾ ਅਤੇ ਬੀ. ਆਰ. ਐੱਸ. ਦਰਮਿਆਨ ‘ਗੁਪਤ ਸਹਿਮਤੀ’ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਜਪਾ ਅਤੇ ਬੀ. ਆਰ. ਐੱਸ. ’ਚ ਕਦੇ ਵੀ ਕੋਈ ਵਿਚਾਰਧਾਰਕ ਤਾਲਮੇਲ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਸਿਰਫ਼ ਭ੍ਰਿਸ਼ਟਾਚਾਰ ਹੀ ਕੀਤਾ। ਲੋਕਾਂ ਲਈ ਕੋਈ ਠੋਸ ਕੰਮ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਤੇਲੰਗਾਨਾ ਦੇ ਲੋਕ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੀ. ਆਰ. ਐੱਸ. ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਤਿਆਰ ਹਨ।