ਸਮਾਰਟਫੋਨ ’ਤੇ ਸਿਰਫ਼ 10 ਫੀਸਦੀ ਬੱਚੇ ਹੀ ਕਰਦੇ ਨੇ ਪੜ੍ਹਾਈ, ਬਾਕੀ ਕਰਦੇ ਹਨ ਇਹ ਕੰਮ: ਰਿਪੋਰਟ
Monday, Jul 26, 2021 - 12:35 PM (IST)
ਗੈਜੇਟ ਡੈਸਕ– ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ (NCPCR) ਨੇ ਇਕ ਰਿਪੋਰਟ ਜਾਰੀ ਕਰਕੇ ਖੁਲਾਸਾ ਕੀਤਾ ਹੈ ਕਿ ਸਮਾਰਟਫੋਨ ’ਤੇ ਸਿਰਫ਼ 10 ਫੀਸਦੀ ਬੱਚੇ ਹੀ ਆਨਲਾਈਨ ਪੜ੍ਹਾਈ ਕਰਦੇ ਹਨ ਅਤੇ 59.2 ਫੀਸਦੀ ਬੱਚੇ ਸਮਾਰਟਫੋਨ ਦੀ ਵਰਤੋਂ ਆਨਲਾਈਨ ਚੈਟਿੰਗ ਅਤੇ ਹੋਰ ਕੰਮਾਂ ਲਈ ਕਰਦੇ ਹਨ। ਮਤਲਬ ਹਰ 7 ’ਚੋਂ 6 ਬੱਚੇ ਸਮਾਰਟਫੋਨ ਦੀ ਵਰਤੋਂ ਪੜ੍ਹਾਈ ਲਈ ਨਹੀਂ ਸਗੋਂ ਸੋਸ਼ਲ ਮੀਡੀਆ ਚਲਾਉਣ ਲਈ ਕਰਦੇ ਹਨ।
ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ 59.2 ਫੀਸਦੀ ਬੱਚੇ ਆਪਣੇ ਸਮਾਰਟਫੋਨ ’ਤ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਸਨੈਪਚੈਟ ਚਲਾਉਂਦੇ ਹਨ। 8 ਤੋਂ18 ਸਾਲ ਦੇ ਕਰੀਬ 30.2 ਫੀਸਦੀ ਬੱਚਿਆਂ ਕੋਲ ਖੁਦ ਦਾ ਸਮਾਰਟਫੋਨ ਹੈ। ਇਸ ਤੋਂ ਇਲਾਵਾ 10 ਤੋਂ ਜ਼ਿਆਦਾ ਉਮਰ ਦੇ 37.8 ਫੀਸਦੀ ਬੱਚਿਆਂ ਦਾ ਆਪਣਾ ਖੁਦ ਦਾ ਫੇਸਬੁੱਕ ਅਕਾਊਂਟ ਵੀ ਹੈ ਅਤੇ 24.3 ਫੀਸਦੀ ਬੱਚਿਆਂ ਦਾ ਆਪਣਾ ਖੁਦ ਦਾ ਇੰਸਟਾਗ੍ਰਾਮ ਅਕਾਊਂਟ ਹੈ।
ਇਨ੍ਹੀਂ ਦਿਨੀਂ 13 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਬੱਚਿਆਂ ’ਚ ਸਮਾਰਟਫੋਨ ਦੇ ਇਸਤੇਮਾਲ ’ਚ ਤੇਜ਼ੀ ਨਾਲ ਵਾਧਾ ਵੇਖਿਆ ਗਿਆ ਹੈ। ਹਾਲਾਂਕਿ, ਲੈਪਟਾਪ ’ਤੇ ਇੰਟਰਨੈੱਟ ਐਕਸੈਸ ਕਰਨ ਵਾਲੇ ਬੱਚਿਆਂ ਦੀ ਗਿਣਤੀ ਘੱਟ ਹੈ। ਦੱਸ ਦੇਈਏ ਕਿ ਇਸ ਰਿਸਰਚ ਰਿਪੋਰਟ ਨੂੰ ਦੇਸ਼ ਭਰ ਦੇ 6 ਸੂਬਿਆਂ ਦੇ ਕਰੀਬ 60 ਸਕੂਲਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਇਸ ਵਿਚ 3,491 ਸਕੂਲ ਜਾਣ ਵਾਲੇ ਬੱਚਿਆਂ 1,534 ਮਾਤਾ-ਪਿਤਾ ਅਤੇ 786 ਅਧਿਆਪਕਾਂ ਨੇ ਹਿੱਸਾ ਲਿਆ ਹੈ।