12 ਸਾਲ ਦੇ ਲੜਕੇ ਦੀ ਮੌਤ ਦਾ ਕਾਰਨ ਬਣੀ ਆਨਲਾਈਨ ਗੇਮ
Thursday, Jun 20, 2019 - 09:31 PM (IST)

ਕੋਟਾ (ਏਜੰਸੀ)- ਰਾਜਸਥਾਨ ਦੇ ਕੋਟਾ ਵਿਚ 12 ਸਾਲ ਦੇ ਇਕ ਲੜਕੇ ਨੇ ਮੋਬਾਈਲ 'ਤੇ ਗੇਮ ਖੇਡਦੇ ਹੋਏ ਖੁਦਕੁਸ਼ੀ ਕਰ ਲਈ। ਜਦੋਂ ਉਸ ਨੇ ਖੁਦਕੁਸ਼ੀ ਕੀਤੀ ਉਹ ਕਮਰੇ ਵਿਚ ਇਕੱਲਾ ਸੀ ਅਤੇ ਉਸ ਨੇ ਹੱਥਾਂ ਵਿਚ ਚੂੜੀਆਂ ਤੇ ਗਲੇ ਵਿਚ ਇਕ ਮੰਗਲਸੂਤਰ ਵੀ ਪਹਿਨਿਆ ਸੀ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਉਹ ਮੋਬਾਈਲ 'ਤੇ ਬਲੂ ਵ੍ਹੇਲ ਵਰਗੀ ਕੋਈ ਗੇਮ ਖੇਡਦਾ ਰਹਿੰਦਾ ਸੀ। ਉਸ ਦੇ ਚੱਲਦੇ ਉਸ ਨੇ ਆਪਣੀ ਜਾਨ ਦੇ ਦਿੱਤੀ।
ਕੋਟਾ ਵਿਚ ਆਨਲਾਈਨ ਗੇਮ ਦੌਰਾਨ ਕਿਸੇ ਦੇ ਜਾਨ ਦੇਣ ਦਾ ਇਹ ਪਹਿਲਾ ਮਾਮਲਾ ਹੈ। ਮ੍ਰਿਤਕ ਬੱਚੇ ਦੀ ਪਛਾਣ ਕੁਸ਼ਾਲ ਵਜੋਂ ਹੋਈ ਹੈ। ਉਹ ਵਿਗਿਆਨ ਨਗਰ ਵਾਸੀ ਫਤਿਹਚੰਦ ਦਾ ਪੁੱਤਰ ਸੀ। ਇਨ੍ਹੀਂ ਦਿਨੀਂ ਉਸ ਨੂੰ ਸਕੂਲ ਤੋਂ ਛੁੱਟੀਆਂ ਸਨ। ਲਿਹਾਜ਼ਾ ਉਹ ਪੂਰਾ ਦਿਨ ਘਰ ਵਿਚ ਹੀ ਰਹਿੰਦਾ ਸੀ। ਕੁਝ ਦਿਨਾਂ ਤੋਂ ਉਹ ਮੋਬਾਈਲ 'ਤੇ ਕੋਈ ਆਨਲਾਈਨ ਗੇਮ ਖੇਡ ਰਿਹਾ ਸੀ।
ਉਸ ਦੇ ਚੱਲਦੇ ਉਸ ਨੇ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪਰਿਵਾਰ ਮੁਤਾਬਕ ਸੋਮਵਾਰ ਦੀ ਰਾਤ ਉਹ ਖਾਣਾ ਖਾ ਕੇ ਆਪਣੇ ਕਮਰੇ ਵਿਚ ਸੋਣ ਚਲਾ ਗਿਆ ਸੀ। ਮੰਗਲਵਾਰ ਸਵੇਰੇ ਉਹ ਕਮਰੇ ਵਿਚੋਂ ਬਾਹਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਕਮਰੇ ਵਿਚ ਜਾ ਕੇ ਦੇਖਿਆ। ਕੁਸ਼ਾਲ ਉਥੇ ਨਹੀਂ ਸੀ। ਕਮਰੇ ਦਾ ਬਾਥਰੂਮ ਬੰਦ ਸੀ। ਬਾਥਰੂਮ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਜਿਸ ਤੋਂ ਬਾਅਦ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ। ਬਾਥਰੂਮ ਦਾ ਮੰਜ਼ਰ ਦੇਖ ਕੇ ਪੂਰੇ ਪਰਿਵਾਰ ਦੇ ਹੋਸ਼ ਉਡ ਗਏ। ਸਾਹਮਣੇ ਕੁਸ਼ਾਲ ਦੀ ਲਾਸ਼ ਲਟਕ ਰਹੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੇ ਹੱਥਾਂ ਵਿਚ ਚੂੜੀਆਂ ਅਤੇ ਗਲੇ ਵਿਚ ਇਕ ਮੰਗਲਸੂਤਰ ਪਹਿਨਿਆ ਹੋਇਆ ਸੀ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਬੱਚਾ ਆਨਲਾਈਨ ਗੇਮ ਖੇਡਦਾ ਸੀ, ਪਰ ਉਹ ਕਿਹੜੀ ਗੇਮ ਖੇਡ ਰਿਹਾ ਸੀ। ਇਹ ਅਜੇ ਪਤਾ ਨਹੀਂ ਲੱਗ ਸਕਿਆ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।