ਪਿਆਕੜਾਂ ਦੀਆਂ ਲੱਗ ਗਈਆਂ ਮੌਜਾਂ! ਸ਼ਰਾਬ ਦੀ ਆਨਲਾਈਨ ਬੁਕਿੰਗ ਹੋਈ ਸ਼ੁਰੂ, ਘਰ ਬੈਠੇ ਕਰੋ ਆਰਡਰ
Thursday, Aug 06, 2026 - 11:00 PM (IST)
ਚੇਨਈ : ਤਾਮਿਲਨਾਡੂ ਵਿੱਚ ਸ਼ਰਾਬ ਖਰੀਦਣ ਵਾਲਿਆਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਹੈ। ਰਾਜ ਵਿੱਚ ਹੁਣ ਸ਼ਰਾਬ ਦੀ ਆਨਲਾਈਨ ਬੁਕਿੰਗ ਦੀ ਸਹੂਲਤ ਸ਼ੁਰੂ ਹੋਣ ਜਾ ਰਹੀ ਹੈ। ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਲਿਮਿਟੇਡ (TASMAC) ਵੱਲੋਂ ਵੀਰਵਾਰ ਨੂੰ ਇੱਕ ਵਿਸ਼ੇਸ਼ ਮੋਬਾਈਲ ਐਪ ਲਾਂਚ ਕੀਤੀ ਜਾ ਰਹੀ ਹੈ। ਇਸ ਐਪ ਰਾਹੀਂ ਗਾਹਕ ਦੁਕਾਨ 'ਤੇ ਜਾਣ ਤੋਂ ਪਹਿਲਾਂ ਹੀ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ ਦੀ ਕੀਮਤ ਦੇਖ ਸਕਣਗੇ ਅਤੇ ਆਨਲਾਈਨ ਭੁਗਤਾਨ ਕਰਕੇ ਆਪਣਾ ਆਰਡਰ ਬੁੱਕ ਕਰ ਸਕਣਗੇ।
ਇਸ ਨਵੀਂ ਆਨਲਾਈਨ ਪ੍ਰਣਾਲੀ ਨੂੰ ਲਾਗੂ ਕਰਨ ਦਾ ਮੁੱਖ ਉਦੇਸ਼ ਸ਼ਰਾਬ ਦੇ ਵੱਖ-ਵੱਖ ਬ੍ਰਾਂਡਾਂ ਲਈ ਨਿਰਧਾਰਤ ਕੀਮਤ (MRP) ਤੋਂ ਵੱਧ ਪੈਸੇ ਵਸੂਲਣ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨਾ ਹੈ। ਹਾਲ ਹੀ ਵਿੱਚ TASMAC ਨੇ ਗਾਹਕਾਂ ਕੋਲੋਂ ਵੱਧ ਪੈਸੇ ਵਸੂਲਣ ਦੇ ਦੋਸ਼ਾਂ ਵਿੱਚ ਘਿਰੇ ਕੁਝ ਕਰਮਚਾਰੀਆਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਵੀ ਕੀਤੀ ਸੀ। ਇਸ ਨਵੇਂ ਡਿਜ਼ੀਟਲ ਭੁਗਤਾਨ ਸਿਸਟਮ ਦੇ ਆਉਣ ਨਾਲ ਕੀਮਤਾਂ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਗਾਹਕਾਂ ਨੂੰ ਵੱਧ ਰਕਮ ਦੇਣ ਦੀ ਲੋੜ ਨਹੀਂ ਪਵੇਗੀ।
TASMAC ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਇਹ ਮੋਬਾਈਲ ਐਪ ਸ਼ਰਾਬ ਦੀਆਂ ਦੁਕਾਨਾਂ 'ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਤੋਂ ਗਾਹਕਾਂ ਨੂੰ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਆਨਲਾਈਨ ਆਰਡਰ ਅਤੇ ਭੁਗਤਾਨ ਸਫ਼ਲ ਹੋਣ ਤੋਂ ਬਾਅਦ ਗਾਹਕ ਨੂੰ ਇੱਕ QR ਕੋਡ ਮਿਲੇਗਾ। ਗਾਹਕ ਆਪਣੇ ਨੇੜਲੇ ਰਿਟੇਲ ਆਊਟਲੈੱਟ 'ਤੇ ਜਾ ਕੇ ਸਿਰਫ਼ ਇਹ QR ਕੋਡ ਦਿਖਾ ਕੇ ਆਪਣਾ ਆਰਡਰ ਪ੍ਰਾਪਤ ਕਰ ਸਕਣਗੇ।
ਇਹ ਆਨਲਾਈਨ ਬੁਕਿੰਗ ਸੇਵਾ ਤਾਮਿਲਨਾਡੂ ਦੀਆਂ ਸਾਰੀਆਂ 4,038 ਰਿਟੇਲ ਸ਼ਰਾਬ ਦੀਆਂ ਦੁਕਾਨਾਂ 'ਤੇ ਲਾਗੂ ਕੀਤੀ ਜਾਵੇਗੀ। ਐਪ ਰਾਹੀਂ ਗਾਹਕਾਂ ਨੂੰ ਉਨ੍ਹਾਂ ਦੇ ਨੇੜਲੇ TASMAC ਆਊਟਲੈੱਟ ਦੀ ਲੋਕੇਸ਼ਨ, ਉੱਥੇ ਮੌਜੂਦ ਬ੍ਰਾਂਡਾਂ ਦੀ ਸੂਚੀ ਅਤੇ ਉਨ੍ਹਾਂ ਦੀ ਸਹੀ ਕੀਮਤ ਬਾਰੇ ਪੂਰੀ ਜਾਣਕਾਰੀ ਮਿਲੇਗੀ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਤੋਂ ਪਹਿਲਾਂ ਭਾਰਤ ਦੇ ਹੋਰਨਾਂ ਰਾਜਾਂ ਵਿੱਚ ਵੀ ਅਜਿਹੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪੱਛਮੀ ਬੰਗਾਲ ਵਿੱਚ eRetail ਪੋਰਟਲ ਰਾਹੀਂ ਰਜਿਸਟਰਡ ਖਰੀਦਦਾਰ ਆਨਲਾਈਨ ਸ਼ਰਾਬ ਬੁੱਕ ਕਰ ਸਕਦੇ ਹਨ ਅਤੇ ਓਡੀਸ਼ਾ ਵਿੱਚ ਵੀ ਸਰਕਾਰ ਵੱਲੋਂ ਲਾਇਸੰਸਸ਼ੁਦਾ ਦੁਕਾਨਾਂ ਅਤੇ ਅਧਿਕਾਰਤ ਪਲੇਟਫਾਰਮਾਂ ਰਾਹੀਂ ਸ਼ਰਾਬ ਦੀ ਹੋਮ ਡਿਲਿਵਰੀ ਦੀ ਇਜਾਜ਼ਤ ਦਿੱਤੀ ਗਈ ਹੈ।
