ਸਿੰਗਲ ਚਾਰਜ ''ਤੇ 609KM ਚੱਲੇਗੀ ਇਹ SUV, ਸ਼ੁਰੂ ਹੋਈ ਇਸ ਇਲੈਕਟ੍ਰਿਕ ਕਾਰ ਦੀ ਬੁਕਿੰਗ

Wednesday, Sep 30, 2026 - 09:24 PM (IST)

ਸਿੰਗਲ ਚਾਰਜ ''ਤੇ 609KM ਚੱਲੇਗੀ ਇਹ SUV, ਸ਼ੁਰੂ ਹੋਈ ਇਸ ਇਲੈਕਟ੍ਰਿਕ ਕਾਰ ਦੀ ਬੁਕਿੰਗ

ਨਵੀਂ ਦਿੱਲੀ : ਜੈਗੂਆਰ ਲੈਂਡ ਰੋਵਰ (JLR) ਨੇ ਆਪਣੀ ਪਹਿਲੀ ਇਲੈਕਟ੍ਰਿਕ ਐੱਸ.ਯੂ.ਵੀ. 'ਰੇਂਜ ਰੋਵਰ ਸਪੋਰਟ ਇਲੈਕਟ੍ਰਿਕ' ਤੋਂ ਪਰਦਾ ਚੁੱਕ ਦਿੱਤਾ ਹੈ ਅਤੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਲਗਜ਼ਰੀ ਈ.ਵੀ. ਸਿੰਗਲ ਚਾਰਜ ਵਿੱਚ 609 ਕਿਲੋਮੀਟਰ ਤੱਕ ਦੀ ਦਮਦਾਰ ਰੇਂਜ ਦੇਵੇਗੀ।

ਇਸ ਇਲੈਕਟ੍ਰਿਕ ਐੱਸ.ਯੂ.ਵੀ. ਵਿੱਚ 118.5kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ, ਜਿਸ 'ਤੇ ਕੰਪਨੀ 8 ਸਾਲ ਜਾਂ 1.6 ਲੱਖ ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ। ਕਾਰ ਵਿੱਚ ਡਿਊਲ ਮੋਟਰ ਆਲ-ਵੀਲ ਡ੍ਰਾਈਵ (AWD) ਸੈੱਟਅੱਪ ਹੈ ਜੋ 550 HP ਦੀ ਪਾਵਰ ਅਤੇ 850 Nm ਦਾ ਟਾਰਕ ਪੈਦਾ ਕਰਦਾ ਹੈ। ਇਹ ਗੱਡੀ ਮਹਿਜ਼ 4.5 ਸੈਕਿੰਡਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦੀ ਹੈ। ਇਸ ਵਿੱਚ 350kW ਤੱਕ ਦੀ DC ਫਾਸਟ ਚਾਰਜਿੰਗ ਸਪੋਰਟ ਮਿਲਦੀ ਹੈ, ਜਿਸ ਨਾਲ ਬੈਟਰੀ 10 ਫ਼ੀਸਦੀ ਤੋਂ 80 ਫ਼ੀਸਦੀ ਤੱਕ ਮਹਿਜ਼ 22 ਮਿੰਟਾਂ ਵਿੱਚ ਚਾਰਜ ਹੋ ਜਾਂਦੀ ਹੈ। ਸਿਰਫ਼ 10 ਮਿੰਟ ਚਾਰਜ ਕਰਨ 'ਤੇ ਇਹ 220 ਕਿਲੋਮੀਟਰ ਤੱਕ ਚੱਲ ਸਕਦੀ ਹੈ।

ਕਾਰ ਦੇ ਕੈਬਿਨ ਵਿੱਚ 13.1 ਇੰਚ ਦੀ ਇਨਫੋਟੇਨਮੈਂਟ ਟਚਸਕ੍ਰੀਨ ਅਤੇ 13.7 ਇੰਚ ਦੀ ਡ੍ਰਾਈਵਰ ਡਿਸਪਲੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟਚ ਸੈਂਸਿਟਿਵ ਕੰਟਰੋਲ ਵਾਲਾ ਥ੍ਰੀ-ਸਪੋਕ ਸਟੀਅਰਿੰਗ ਵੀਲ, 4-ਜ਼ੋਨ ਕਲਾਈਮੇਟ ਕੰਟਰੋਲ, ਵਾਇਰਲੈੱਸ ਫੋਨ ਚਾਰਜਰ ਅਤੇ ਪਾਵਰਡ, ਹੀਟਿਡ ਤੇ ਵੈਂਟੀਲੇਟਿਡ ਸੀਟਾਂ ਵਰਗੇ ਕਈ ਪ੍ਰੀਮੀਅਮ ਫੀਚਰਸ ਸ਼ਾਮਲ ਹਨ।

ਜੈਗੂਆਰ ਲੈਂਡ ਰੋਵਰ ਦੀ ਇਹ ਇਲੈਕਟ੍ਰਿਕ ਐੱਸ.ਯੂ.ਵੀ. ਅਗਲੇ ਸਾਲ ਮਾਰਚ ਤੱਕ ਲਾਂਚ ਹੋਣ ਦੀ ਉਮੀਦ ਹੈ ਅਤੇ ਇਸ ਦੀ ਸੰਭਾਵਿਤ ਕੀਮਤ ਲਗਭਗ 2.5 ਕਰੋੜ ਰੁਪਏ ਹੋ ਸਕਦੀ ਹੈ। ਫਿਲਹਾਲ ਗਾਹਕਾਂ ਲਈ ਇਸ ਦੀ ਬੁਕਿੰਗ ਵਿੰਡੋ ਖੋਲ੍ਹ ਦਿੱਤੀ ਗਈ ਹੈ।


author

Inder Prajapati

Content Editor

Related News