ਕੇਂਦਰ ਸਰਕਾਰ ਨੇ ਆਨਲਾਈਨ ਤੇ ਸੋਸ਼ਲ ਮੀਡੀਆ ’ਤੇ ਸੱਟੇਬਾਜ਼ੀ ਦੇ ਇਸ਼ਤਿਹਾਰ ’ਤੇ ਲਗਾਈ ਪਾਬੰਦੀ
Tuesday, Jun 14, 2022 - 11:37 AM (IST)
ਜੈਤੋ, (ਪਰਾਸ਼ਰ)– ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਮੰਤਰਾਲਾ ਨੇ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜੀਟਲ ਮੀਡੀਆ ਨੂੰ ਚਿਤਾਵਨੀ ਜਾਰੀ ਕੀਤੀ ਹੈ, ਜਿਸ ’ਚ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਦੇ ਇਸ਼ਤਿਹਾਰ ਤੋਂ ਬਚਣ ਲਈ ਕਿਹਾ ਗਿਆ ਹੈ।
ਪ੍ਰਿੰਟ, ਇਲੈਕਟ੍ਰਾਨਿਕ, ਸੋਸ਼ਲ ਅਤੇ ਆਨਲਾਈਨ ਮੀਡੀਆ ’ਚ ਆਨਲਾਈਨ ਸੱਟੇਬਾਜ਼ੀ ਵੈੱਬਸਾਈਟਾਂ/ਪਲੇਟਫਾਰਮਾਂ ਦੇ ਇਸ਼ਤਿਹਾਰਾਂ ਦੇ ਕਈ ਮਾਮਲੇ ਪਾਏ ਜਾਣ ਤੋਂ ਬਾਅਦ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ। ਚਿਤਾਵਨੀ ’ਚ ਦੱਸਿਆ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਸੱਟੇਬਾਜ਼ੀ ਅਤੇ ਜੂਆ ਨਾਜਾਇਜ਼ ਹੈ ਅਤੇ ਖਪਤਕਾਰਾਂ, ਖਾਸ ਤੌਰ ’ਤੇ ਨੌਜਵਾਨਾਂ ਅਤੇ ਬੱਚਿਆਂ ਲਈ ਕਾਫੀ ਮਾਲੀ ਅਤੇ ਸਮਾਜਿਕ-ਆਰਥਿਕ ਜ਼ੋਖਿਮ ਪੈਦਾ ਕਰਦੇ ਹਨ
ਇਸ ’ਚ ਕਿਹਾ ਗਿਆ ਹੈ ਕਿ ਆਨਲਾਈਨ ਸੱਟੇਬਾਜ਼ੀ ਦੇ ਇਸ਼ਤਿਹਾਰ ਭੁਲੇਖਾਪਾਊ ਹਨ ਅਤੇ ਖਪਤਕਾਰ ਸੁਰੱਖਿਆ ਕਾਨੂੰਨ 2019, ਕੇਬਲ ਟੈਲੀਵਿਜ਼ਨ ਨੈੱਟਵਰਕ ਰੈਗਲੇਟਰੀ ਕਾਨੂੰਨ, 1995 ਦੇ ਤਹਿਤ ਇਸ਼ਤਿਹਾਰ ਕੋਡ ਅਤੇ ਭਾਰਤੀ ਪ੍ਰੈੱਸ ਪ੍ਰੀਸ਼ਦ ਵੱਲੋਂ ਪ੍ਰੈੱਸ ਪ੍ਰੀਸ਼ਦ ਕਾਨੂੰਨ, 1978 ਦੇ ਤਹਿਤ ਤੈਅ ਪੱਤਰਕਾਰਿਤਾ ਜ਼ਾਬਤੇ ਦੇ ਮਾਪਦੰਡਾਂ ਦੇ ਅਨੁਸਾਰ ਨਹੀਂ ਹਨ। ਇਹ ਚਿਤਾਵਨੀ ਜਨਹਿੱਤ ’ਚ ਜਾਰੀ ਕੀਤੀ ਗਈ ਹੈ ਅਤੇ ਇਸ ਨੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਦੇ ਇਸ਼ਤਿਹਾਰਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।