ਫੱਟ ਗਿਆ ਪਿਆਜ ਬੰਬ, 3 ਲੋਕਾਂ ਦੀ ਮੌ.ਤ
Friday, Nov 01, 2024 - 03:40 PM (IST)
ਏਲੁਰੂ- ਦੀਵਾਲੀ ਦੇ ਦਿਨ ਦੁਖ਼ਦ ਘਟਨਾ ਸਾਹਮਣੇ ਆਈ ਹੈ। ਦਰਅਸਲ ਪਿਆਜ਼ ਬੰਬ ਨਾਲ ਭਰੀ ਬੋਰੀ ਵਿਚ ਧਮਾਕਾ ਹੋ ਗਿਆ। ਇਸ ਘਟਨਾ 'ਚ 3 ਨੌਜਵਾਨ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਪਿਆਜ਼ ਬੰਬ ਇਕ ਛੋਟੇ ਡਾਇਨਾਮਾਈਟ ਵਿਸਫੋਟ (IED) ਵਾਂਗ ਹੁੰਦਾ ਹੈ। ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਏਲੁਰੂ ਜ਼ਿਲ੍ਹੇ ਦੀ ਹੈ।
ਘਟਨਾ ਦਾ ਸੀ. ਸੀ. ਟੀ. ਵੀ. ਵੀ ਸਾਹਮਣੇ ਆਇਆ ਹੈ, ਜਿਸ 'ਚ ਧਮਾਕਾ ਹੁੰਦਾ ਸਾਫ਼ ਨਜ਼ਰ ਆ ਰਿਹਾ ਹੈ। ਇਸ ਹਾਦਸੇ ਮਗਰੋਂ ਲੋਕਾਂ ਨੇ ਕਿਹਾ ਕਿ ਬਾਈਕ 'ਤੇ ਪਿਆਜ਼ ਬੰਬ ਰੱਖਣਾ ਬੇਹੱਦ ਖ਼ਤਰਨਾਕ ਅਤੇ ਗੈਰ-ਕਾਨੂੰਨੀ ਹੈ। ਪਿਆਜ਼ ਬੰਬ ਧਮਾਕਾ ਹੋਣ ਮਗਰੋਂ ਪੂਰੇ ਖੇਤਰ ਵਿਚ ਸੋਗ ਦੀ ਲਹਿਰ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਸੀ. ਟੀ. ਵੀ. ਫੁਟੇਜ਼ ਦੀ ਮਦਦ ਨਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਧਮਾਕਾ ਇੰਨਾ ਤੇਜ਼ ਸੀ ਕਿ ਇਲਾਕੇ ਵਿਚ ਧੂੰਆਂ-ਧੂੰਆਂ ਹੋ ਗਿਆ ਅਤੇ ਚਾਰੋਂ ਪਾਸੇ ਕਾਗਜ਼ ਦੇ ਟੱਕੜੇ ਉੱਡਣ ਲੱਗੇ। ਜਿਵੇਂ ਹੀ ਧੂੰਆਂ ਸਾਫ ਹੋਇਆ, ਦੋ ਲੋਕ ਕਿਸੇ ਤਰ੍ਹਾਂ ਧਮਾਕੇ ਤੋਂ ਬਚ ਕੇ ਸੁਰੱਖਿਅਤ ਥਾਂ ਵੱਲ ਦੌੜੇ। ਦੋਹਾਂ ਵਿਅਕਤੀਆਂ ਨੂੰ ਆਪਣੇ ਕੰਨ ਫੜੇ ਹੋਏ ਵੇਖਿਆ ਜਾ ਸਕਦਾ ਹੈ। ਸਕੂਟੀ ਚਲਾਉਣ ਵਾਲੇ ਸ਼ਖ਼ਸ ਦੀ ਪਛਾਣ ਸੁਧਾਕਰ ਦੇ ਰੂਪ ਵਿਚ ਹੋਈ ਹੈ। ਹਾਦਸੇ ਵਿਚ ਜੋ 6 ਲੋਕ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।