ਇਕ ਨੌਜਵਾਨ ਨੇ ਪਰਿਵਾਰ ਵਾਲਿਆਂ ਨੂੰ ਕੋਰੋਨਾ ਤੋਂ ਬਚਾਇਆ, ਦੂਜੇ ਨੇ 8 ਨੂੰ ਵੰਡੀ ਬੀਮਾਰੀ
Thursday, Apr 09, 2020 - 03:24 AM (IST)
ਖਰਗੋਨ- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲੇ 'ਚ ਕੋਰੋਨਾ ਇਨਫੈਕਸ਼ਨ ਨੂੰ ਲੁਕਾਉਂਦਿਆਂ ਇਕ ਵਿਅਕਤੀ ਨੇ ਆਪਣੇ ਪਰਿਵਾਰ ਦੇ 8 ਹੋਰ ਮੈਂਬਰਾਂ ਨੂੰ ਇਨਫੈਕਸ਼ਨ ਤੋਂ ਪੀੜਤ ਕਰ ਦਿੱਤਾ। 49 ਸਾਲਾ ਇਕ ਵਿਅਕਤੀ ਦੱਖਣੀ ਅਫਰੀਕਾ ਦੇ ਡਰਬਨ ਤੋਂ ਵਾਪਸ ਆਉਣ ਦੌਰਾਨ ਨਿਜ਼ਾਮੁਦੀਨ ਮਰਕਜ਼ ਵਿਚ ਆਪਣੀ ਪਤਨੀ ਨਾਲ ਸ਼ਾਮਲ ਹੋਇਆ ਸੀ। ਉਸ ਨੇ 22 ਮਾਰਚ ਨੂੰ ਖਰਗੋਨ ਆਉਣ ਉਪਰੰਤ ਮਰਕਜ਼ ਵਿਚ ਸ਼ਾਮਲ ਹੋਣ ਦੀ ਲੁਕੋਈ ਅਤੇ ਉਹ ਰਿਸ਼ਤੇਦਾਰਾਂ ਨੂੰ ਮਿਲਦਾ-ਜੁਲਦਾ ਰਿਹਾ।
ਉਸ ਨੇ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨਾਲ ਜੁੜੇ ਕਰਮਚਾਰੀਆਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ। ਉਸ ਦੇ ਖਰਗੋਨ 'ਚ ਇੰਝ ਘੁੰਮਣ-ਫਿਰਨ ਦੀ ਸੂਚਨਾ 'ਤੇ ਉਸ ਨੂੰ ਉਸ ਦੀ ਪਤਨੀ ਨਾਲ 31 ਮਾਰਚ ਨੂੰ ਖਰਗੋਨ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾ ਦਿੱਤਾ ਗਿਆ। 4 ਅਪ੍ਰੈਲ ਨੂੰ ਉਸ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਅਤੇ ਉਸੇ ਦਿਨ ਉਸ ਦੀ 70 ਸਾਲਾ ਮਾਂ ਦੀ ਮੌਤ ਹੋ ਗਈ। ਉਸ ਦੇ 15 ਤੋਂ ਜ਼ਿਆਦਾ ਪਰਿਵਾਰ ਵਾਲਿਆਂ ਤੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਅਤੇ ਕੱਲ ਰਾਤ ਉਸ ਦੀ ਮਾਂ, ਪਿਤਾ, ਭਰਾ, ਭਾਬੀ ਤੇ 4 ਬੱਚਿਆਂ ਸਮੇਤ 9 ਰਿਸ਼ਤੇਦਾਰਾਂ ਦੀ ਰਿਪੋਰਟ ਪਾਜ਼ੇਟਿਵ ਆਈ।
ਦੂਜੇ ਪਾਸੇ ਲਗਭਗ ਇਕ ਮਹੀਨਾ ਪਹਿਲਾਂ ਫਰਾਂਸ ਦੇ ਪੈਰਿਸ ਤੋਂ ਖਰਗੋਨ ਦੇ ਆਸਨਗਾਂਵ ਦਾ ਇਕ ਚਾਰਟਰਡ ਅਕਾਊਂਟੈਂਟ ਵਾਪਸ ਆਇਆ ਸੀ। ਉਸ ਨੇ ਸਿਆਣਪ ਦਿਖਾਉਂਦਿਆਂ ਇਸ ਦੀ ਜਾਣਕਾਰੀ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੂੰ ਦਿੱਤੀ ਸੀ ਅਤੇ ਉਹ 14 ਦਿਨਾਂ ਲਈ ਹੋਮ ਕੁਆਰੰਟਾਈਨ ਵਿਚ ਚਲਾ ਗਿਆ ਸੀ। ਉਸ ਵੀ ਰਿਪੋਰਟ 4 ਅਪ੍ਰੈਲ ਨੂੰ ਪਾਜ਼ੇਟਿਵ ਆਈ ਅਤੇ ਉਸ ਦੇ 15 ਤੋਂ ਜ਼ਿਆਦਾ ਪਰਿਵਾਰ ਵਾਲਿਆਂ ਤੇ ਸੰਪਰਕ ਵਿਚ ਸੰਭਾਵਤ ਤੌਰ 'ਤੇ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ। ਉਸ ਦੇ ਕਿਸੇ ਵੀ ਰਿਸ਼ਤੇਦਾਰ ਦੀ ਰਿਪੋਰਟ ਪਾਜ਼ੇਟਿਵ ਨਹੀਂ ਆਈ।