ISI ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਦੇ ਸ਼ੱਕ ''ਚ ਹਿਰਾਸਤ ''ਚ ਲਿਆ ਗਿਆ ਇਕ ਵਿਅਕਤੀ

02/28/2023 3:00:07 PM

ਇੰਦੌਰ (ਭਾਸ਼ਾ)- ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜਾਵ ਦੇ ਸ਼ੱਕ 'ਚ ਇੰਦੌਰ 'ਚ 40 ਸਾਲ ਦੇ ਉਸ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜੋ ਸਾਲ 2005 ਤੋਂ 2018 ਵਿਚਾਲੇ ਚੀਨ ਅਤੇ ਹਾਂਗਕਾਂਗ 'ਚ ਰਿਹਾ ਸੀ। ਪੁਲਸ ਦੇ ਇਕ ਉੱਚ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਦੌਰ 'ਚ ਪੁਲਸ ਦੀ ਖੁਫ਼ੀਆ ਬਰਾਂਚ ਦੇ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਰਜਤ ਸਕਲੇਚਾ ਨੇ ਦੱਸਿਆ ਕਿ ਸ਼ਹਿਰ ਦੇ ਚੰਦਨ ਨਗਰ ਖੇਤਰ 'ਚ ਰਹਿਣ ਵਾਲੇ ਸ਼ੱਕੀ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਸ਼ੱਕੀ ਦੇ ਨਾਮ ਦੇ ਖ਼ੁਲਾਸੇ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਇੰਦੌਰ ਪੁਲਸ ਨੂੰ ਮੁੰਬਈ ਪੁਲਸ ਅਤੇ ਐੱਨ.ਆਈ.ਏ. ਰਾਹੀਂ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ 40 ਸਾਲ ਦੇ ਇਸ ਵਿਅਕਤੀ 'ਤੇ ਆਈ.ਐੱਸਆਈ. ਜਾਂ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਦਾ ਸ਼ੱਕ ਹੈ। ਸਕਲੇਚਾ ਨੇ ਦੱਸਿਆ,''ਇਹ ਵਿਅਕਤੀ ਚੀਨ ਅਤੇ ਹਾਂਗਕਾਂਗ 'ਚ 2005 ਤੋਂ 2018 ਤੱਕ ਨੌਕਰੀ ਕਰ ਚੁੱਕਿਆ ਹੈ। ਪੁੱਛ-ਗਿੱਛ ਦੌਰਾਨ ਉਸ ਨੇ ਆਪਣੇ ਬਚਾਅ 'ਚ ਕਿਹਾ ਕਿ ਇਕ ਚੀਨੀ ਔਰਤ ਨਾਲ ਉਸ ਦੇ ਤਲਾਕ ਨੂੰ ਲੈਕੇ ਚੀਨ 'ਚ ਮੁਕੱਦਮਾ ਚੱਲ ਰਿਹਾ ਹੈ ਅਤੇ ਔਰਤ ਦੇ ਵਕੀਲ ਨੇ ਭਾਰਤੀ ਖੁਫ਼ੀਆ ਏਜੰਸੀਆਂ ਨੂੰ ਉਸ ਖ਼ਿਲਾਫ਼ ਸ਼ਿਕਾਇਤ ਕੀਤੀ ਹੈ।'' ਡੀ.ਸੀ.ਪੀ. ਨੇ ਦੱਸਿਆ ਕਿ ਇੰਦੌਰ ਪੁਲਸ ਕੇਂਦਰ ਅਤੇ ਸੂਬੇ ਦੀਆਂ ਸਾਰੀਆਂ ਸੰਬੰਧਤ ਏਜੰਸੀਆਂ ਨਾਲ ਤਾਲਮੇਲ ਕਰ ਕੇ ਵਿਅਕਤੀ ਨੂੰ ਲੈ ਕੇ ਸਾਰੇ ਬਿੰਦੂਆਂ 'ਤੇ ਜਾਂਚ ਕਰ ਰਹੀ ਹੈ ਅਤੇ ਅਜੇ ਉਸ ਬਾਰੇ ਕਿਸੇ ਅੰਤਿਮ ਨਤੀਜੇ 'ਤੇ ਨਹੀਂ ਪਹੁੰਚਿਆ ਗਿਆ ਹੈ।


DIsha

Content Editor

Related News