ਜੰਮੂ ’ਚ ਜ਼ਿਲ੍ਹਾ ਅਦਾਲਤ ਦੇ ਬਾਹਰ ਧਮਾਕਾ, ਇਕ ਸ਼ਖਸ ਦੀ ਮੌਤ, 13 ਜ਼ਖਮੀ
Wednesday, Mar 09, 2022 - 02:41 PM (IST)
ਜੰਮੂ (ਭਾਸ਼ਾ)– ਜੰਮੂ ਖੇਤਰ ਦੇ ਊਧਮਪੁਰ ਸ਼ਹਿਰ ’ਚ ਬੁੱਧਵਾਰ ਯਾਨੀ ਕਿ ਅੱਜ ਜ਼ਿਲ੍ਹਾ ਅਦਾਲਤ ਦੇ ਬਾਹਰ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਦੁਪਹਿਰ ਕਰੀਬ 1 ਵਜੇ ਹੋਇਆ। ਇਹ ਧਮਾਕਾ ਕਿਸ ਨੇ ਕੀਤਾ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਫ਼ਿਲਹਾਲ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਕੇਂਦਰੀ ਮੰਤਰੀ ਅਤੇ ਕਠੂਆ-ਊਧਮਪੁਰ ਹਲਕੇ ਤੋਂ ਸੰਸਦ ਮੈਂਬਰ ਡਾਕਟਰ ਜਤਿੰਦਰ ਸਿੰਘ ਨੇ ਟਵੀਟ ਕੀਤਾ, ''ਊਧਮਪੁਰ 'ਚ ਜ਼ਿਲ੍ਹਾ ਅਦਾਲਤ ਦੇ ਬਾਹਰ ਇਕ ਰੇਹੜੀ ਨੇੜੇ ਧਮਾਕਾ ਹੋਇਆ।'' ਉਨ੍ਹਾਂ ਕਿਹਾ, ''ਇਸ ਧਮਾਕੇ 'ਚ ਇਕ ਦੀ ਮੌਤ ਹੋ ਗਈ, 13 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਮੈਂ ਹਰ ਮਿੰਟ ਦੇ ਆਧਾਰ 'ਤੇ ਡੀ.ਸੀ. (ਡਿਪਟੀ ਕਮਿਸ਼ਨਰ) ਇੰਦੂ ਚਿਬ ਦੇ ਸੰਪਰਕ ਵਿਚ ਹਾਂ।
ਧਮਾਕੇ ਦੇ ਸਹੀ ਕਾਰਨ ਅਤੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਊਧਮਪੁਰ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਵਿਨੋਦ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਹੱਸਮਈ ਧਮਾਕੇ ਵਿਚ ਕੁਝ ਜ਼ਖ਼ਮੀ ਹੋਣ ਦੀ ਸੂਚਨਾ ਹੈ। ਐਸ.ਐਸ.ਪੀ ਨੇ ਕਿਹਾ ਕਿ ਧਮਾਕਾ ਕਿਵੇਂ ਹੋਇਆ ਇਹ ਪਤਾ ਨਹੀਂ ਲੱਗ ਸਕਿਆ ਹੈ, ਪਰ ਐਫ.ਐਸ.ਐਲ. ਟੀਮ ਹੋਰ ਏਜੰਸੀਆਂ ਦੇ ਨਾਲ ਕੰਮ ਕਰ ਰਹੀਆਂ ਹਨ। ਧਮਾਕੇ ਦੀ ਆਵਾਜ਼ ਘਟਨਾ ਸਥਾਨ ਤੋਂ 100 ਮੀਟਰ ਦੂਰ ਤੱਕ ਸੁਣੀ ਗਈ। ਕੁਮਾਰ ਨੇ ਕਿਹਾ ਕਿ ਅਸੀਂ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।