ਕੋਰੋਨਾ ਵਾਇਰਸ : ਤਾਮਿਲਨਾਡੂ ਦੇ 5 ਜ਼ਿਲਿਆਂ ’ਚ ਇਕ ਦਿਨ ਦਾ ‘ਟੋਟਲ ਲਾਕਡਾਊਨ’

05/03/2020 12:25:51 PM

ਤੰਜਾਵੁਰ (ਵਾਰਤਾ)— ਤਾਮਿਲਨਾਡੂ ਦੇ 5 ਜ਼ਿਲਿਆਂ ਵਿਚ ਸਥਾਨਕ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਸਾਰ ’ਤੇ ਰੋਕਥਾਮ ਅਤੇ ਲੋਕਾਂ ਨੂੰ ਆਪਣੇ ਘਰਾਂ ’ਚ ਹੀ ਰਹਿਣਾ ਯਕੀਨੀ ਕਰਨ ਲਈ ਐਤਵਾਰ ਨੂੰ ਇਕ ਦਿਨ ਦਾ ‘ਟੋਟਲ ਲਾਕਡਾਊਨ’ ਲਾਗੂ ਕੀਤਾ ਗਿਆ ਹੈ। ਲਾਕਡਾਊਨ ਵਾਲੇ ਜ਼ਿਲਿਆਂ ਵਿਚ ਤੰਜਾਵੁਰ, ਤਿਰੁਵਰੂਰ, ਅਰੀਆਲੁਰ, ਕੁੱਡਾਲੋਰ ਅਤੇ ਤੇਨਕਾਸੀ ਸ਼ਾਮਲ ਹਨ। ਇਨ੍ਹਾਂ ਜ਼ਿਲਿਆਂ ਵਿਚ ਅੱਜ ਸੜਕਾਂ ਅਤੇ ਜਨਤਕ ਥਾਵਾਂ ਵੀਰਾਨ ਨਜ਼ਰ ਆ ਰਹੀਆਂ ਹਨ। ਸਿਹਤ ਸੇਵਾਵਾਂ, ਦੁੱਧ ਅਤੇ ਦਵਾਈ ਦੀਆਂ ਦੁਕਾਨਾਂ ਨੂੰ ਛੱਡ ਕੇ ਹੋਰ ਦੁਕਾਨਾਂ, ਬਜ਼ਾਰ ਅਤੇ ਵਪਾਰਕ ਅਦਾਰੇ ਬੰਦ ਹਨ। 

ਅਧਿਕਾਰਤ ਸੂਤਰਾਂ ਮੁਤਾਬਕ ਟੋਟਲ ਲਾਕਡਾਊਨ ਦਾ ਸਮਾਂ ਸਵੇਰੇ 6 ਤੋਂ ਰਾਤ 9 ਵਜੇ ਤੱਕ ਤੈਅ ਕੀਤਾ ਗਿਆ ਹੈ। ਤੰਜਾਵੁਰ ਜ਼ਿਲਾ ਕਲੈਕਟਰ ਐੱਮ. ਗੋਵਿੰਦ ਰਾਵ ਨੇ ਕਿਹਾ ਕਿ ਲਾਕਡਾਊਨ ਦੇ ਕਿਸੇ ਵੀ ਤਰ੍ਹਾਂ ਨਾਲ ਉਲੰਘਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਵਿਚ 17 ਮਈ ਨੂੰ ਦੇਸ਼ ਵਿਆਪੀ ਲਾਕਡਾਊਨ ਦੀ ਸਮਾਪਤੀ ਤੱਕ ਹਰ ਐਤਵਾਰ ਨੂੰ ਟੋਟਲ ਲਾਕਡਾਊਨ ਕੀਤਾ ਜਾਵੇਗਾ। ਦੱਸ ਦੇਈਏ ਕਿ ਤਾਮਿਲਨਾਡੂ ’ਚ ਪੀੜਤ ਮਰੀਜ਼ਾਂ ਦੀ ਗਿਣਤੀ 2,757 ਹੋ ਗਈ ਅਤੇ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਮਰੀਜ਼ਾਂ ਦੀ ਗਿਣਤੀ 39,980 ਤੱਕ ਪੁੱਜ ਗਈ ਹੈ ਅਤੇ 1,301 ਲੋਕਾਂ ਦੀ ਮੌਤ ਹੋ ਚੁੱਕੀ ਹੈ।


Tanu

Content Editor

Related News