ਕੋਰੋਨਾ ਦੀ ਦੂਜੀ ਲਹਿਰ ਨੇ ਕਰੋੜਾਂ ਲੋਕਾਂ ਨੂੰ ਕੀਤਾ ਬੇਰੁਜ਼ਗਾਰ, ਹੈਰਾਨ ਕਰਨ ਵਾਲੇ ਹਨ ਅੰਕੜੇ

Tuesday, Jun 01, 2021 - 11:01 AM (IST)

ਕੋਰੋਨਾ ਦੀ ਦੂਜੀ ਲਹਿਰ ਨੇ ਕਰੋੜਾਂ ਲੋਕਾਂ ਨੂੰ ਕੀਤਾ ਬੇਰੁਜ਼ਗਾਰ, ਹੈਰਾਨ ਕਰਨ ਵਾਲੇ ਹਨ ਅੰਕੜੇ

ਮੁੰਬਈ- ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ 'ਚ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ, ਜਦੋਂ ਕਿ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 97 ਫੀਸਦੀ ਪਰਿਵਾਰਾਂ ਦੀ ਆਮਦਨ ਘਟੀ ਹੈ। ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ (ਸੀ.ਐੱਮ.ਆਈ.ਈ.) ਦੇ ਮੁੱਖ ਕਾਰਜਪਾਲਕ ਅਧਿਕਾਰੀ ਮਹੇਸ਼ ਵਿਆਸ ਨੇ ਸੋਮਵਾਰ ਨੂੰ ਇਹ ਕਿਹਾ। ਵਿਆਸ ਨੇ ਕਿਹਾ ਕਿ ਖੋਜ ਸੰਸਥਾ ਦੇ ਮੁਲਾਂਕਣ ਅਨੁਸਾਰ ਬੇਰੁਜ਼ਗਾਰੀ ਦਰ ਮਈ 'ਚ 12 ਫੀਸਦੀ ਰਹੀ ਜੋ ਅਪ੍ਰੈਲ 'ਚ 8 ਫੀਸਦੀ ਸੀ। ਇਸ ਦਾ ਮਤਲਬ ਹੈ ਕਿ ਇਸ ਦੌਰਾਨ ਕਰੀਬ ਇਕ ਕਰੋੜ ਭਾਰਤੀਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਜਾਣ ਦਾ ਮੁੱਖ ਕਾਰਨ ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਹੈ। ਅਰਥਵਿਵਸਥਾ 'ਚ ਕੰਮਕਾਜ ਸਹੀ ਢੰਗ ਨਾਲ ਹੋਣ ਦੇ ਨਾਲ ਕੁਝ ਹੱਦ ਤੱਕ ਸਮੱਸਿਆ ਦਾ ਹੱਲ ਹੋਣ ਦੀ ਉਮੀਦ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਨਹੀਂ ਹੋਵੇਗੀ।'' ਵਿਆਸ ਅਨੁਸਾਰ ਜਿਨ੍ਹਾਂ ਲੋਕਾਂ ਦੀ ਨੌਕਰੀ ਗਈ ਹੈ, ਉਨ੍ਹਾਂ ਨੂੰ ਨਵਾਂ ਰੁਜ਼ਗਾਰ ਲੱਭਣ 'ਚ ਪਰੇਸ਼ਾਨੀ ਹੋ ਰਹੀ ਹੈ। ਅਸੰਗਠਿਤ ਖੇਤਰ 'ਚ ਰੁਜ਼ਗਾਰ ਤੇਜ਼ੀ ਨਾਲ ਪੈਦਾ ਹੁੰਦੇ ਹਨ ਪਰ ਸੰਗਠਿਤ ਖੇਤਰ 'ਚ ਚੰਗੀਆਂ ਨੌਕਰੀਆਂ ਦੇ ਆਉਣ 'ਚ ਸਮਾਂ ਲੱਗਦਾ ਹੈ। 

ਇਹ ਵੀ ਪੜ੍ਹੋ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ 'ਮਈ' ਸਭ ਤੋਂ ਖ਼ਰਾਬ ਮਹੀਨਾ ਰਿਹਾ, 35.63 ਫ਼ੀਸਦੀ ਹੋਈਆਂ ਮੌਤਾਂ

ਦੱਸਣਯੋਗ ਹੈ ਕਿ ਪਿਛਲੇ ਸਾਲ ਮਈ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਲਗਾਏ ਗਏ ਦੇਸ਼ਵਿਆਪੀ ਲਾਕਡਾਊਨ ਕਾਰਨ ਬੇਰੁਜ਼ਗਾਰੀ ਦਰ 23.5 ਫੀਸਦੀ ਦੇ ਰਿਕਾਰਡ ਪੱਧਰ ਤੱਕ ਚੱਲੀ ਗਈ ਸੀ। ਕਈ ਮਾਹਿਰਾਂ ਦੀ ਰਾਏ ਹੈ ਕਿ ਸੰਕਰਮਣ ਦੀ ਦੂਜੀ ਲਹਿਰ ਸਿਖਰ 'ਤੇ ਪਹੁੰਚ ਚੁਕੀ ਹੈ ਅਤੇ ਹੁਣ ਸੂਬੇ ਹੌਲੀ-ਹੌਲੀ ਪਾਬੰਦੀਆਂ 'ਚ ਢਿੱਲ ਦਿੰਦੇ ਹੋਏ ਆਰਥਿਕ ਗਤੀਵਿਧੀਆਂ ਨੂੰ ਮਨਜ਼ੂਰੀ ਦੇਣੀ ਸ਼ੁਰੂ ਕਰਨਗੇ। ਵਿਆਸ ਨੇ ਅੱਗੇ ਕਿਹਾ ਕਿ 3-4 ਫੀਸਦੀ ਬੇਰੁਜ਼ਗਾਰੀ ਦਰ ਨੂੰ ਭਾਰਤੀ ਅਰਥਵਿਵਸਥਾ ਲਈ ਆਮ ਮੰਨਿਆ ਜਾਣਾ ਚਾਹੀਦਾ। ਇਹ ਦੱਸਦਾ ਹੈ ਕਿ ਸਥਿਤੀ ਠੀਕ ਹੋਣ 'ਚ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀ.ਐੱਮ.ਆਈ. ਨੇ ਅਪ੍ਰੈਲ 1.75 ਲੱਖ ਪਰਿਵਾਰਾਂ ਦਾ ਦੇਸ਼ਵਿਆਪੀ ਸਰਵੇ ਦਾ ਕੰਮ ਪੂਰਾ ਕੀਤਾ। ਇਸ ਨਾਲ ਪਿਛਲੇ ਸਾਲ ਦੌਰਾਨ ਆਮਦਨ ਨੂੰ ਲੈ ਕੇ ਚਿੰਤਾਜਨਕ ਸਥਿਤੀ ਸਾਹਮਣੇ ਆਈ ਹੈ। ਵਿਆਸ ਅਨੁਸਾਰ ਸਰਵੇ 'ਚ ਸ਼ਾਮਲ ਪਰਿਵਾਰਾਂ 'ਚੋਂ ਸਿਰਫ਼ 3 ਫੀਸਦੀ ਨੇ ਆਮਦਨ ਵਧਣ ਦੀ ਗੱਲ ਕਹੀ, ਜਦੋਂ ਕਿ 55 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਘੱਟ ਹੋਈ ਹੈ। ਸਰਵੇ 'ਚ 42 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਪਿਛਲੇ ਸਾਲ ਦੇ ਬਰਾਬਰ ਬਣੀ ਹੋਈ ਹੈ। 

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ SC ਨੇ ਕੇਂਦਰ ਨੂੰ ਕੀਤੇ ਸਵਾਲ, ਕਿਹਾ- ਪੂਰੇ ਦੇਸ਼ 'ਚ ਦਵਾਈ ਦੀ ਹੋਵੇ ਇਕ ਕੀਮਤ


author

DIsha

Content Editor

Related News