ਮਹਿੰਗਾਈ ਦੀ ਪਿਚ 'ਤੇ ਟਮਾਟਰ ਨੇ ਲਗਾਇਆ ਸੈਂਕੜਾ, ਆਲੂ-ਪਿਆਜ਼ ਦੀਆਂ ਵੀ ਵਧੀਆਂ ਕੀਮਤਾਂ

Thursday, Jul 04, 2024 - 05:48 PM (IST)

ਮਹਿੰਗਾਈ ਦੀ ਪਿਚ 'ਤੇ ਟਮਾਟਰ ਨੇ ਲਗਾਇਆ ਸੈਂਕੜਾ, ਆਲੂ-ਪਿਆਜ਼ ਦੀਆਂ ਵੀ ਵਧੀਆਂ ਕੀਮਤਾਂ

ਨਵੀਂ ਦਿੱਲੀ - ਮਾਨਸੂਨ ਨੇ ਪੂਰੇ ਦੇਸ਼ ਵਿੱਚ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਸੂਬਿਆਂ ਵਿੱਚ ਭਾਰੀ ਮੀਂਹ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ, ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸਬਜ਼ੀਆਂ ਅਤੇ ਫਲ ਖ਼ਰਾਬ ਹੋ ਰਹੇ ਹਨ ਅਤੇ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਕਈ ਥਾਵਾਂ ’ਤੇ ਸਬਜ਼ੀਆਂ ਦੀ ਡਿਲੀਵਰੀ ਨਹੀਂ ਹੋ ਰਹੀ, ਜਿਸ ਕਾਰਨ ਸਬਜ਼ੀਆਂ ਦੇ ਭਾਅ ਵਧ ਰਹੇ ਹਨ। ਇਸ ਦਰਮਿਆਨ ਟਮਾਟਰ ਨੇ ਮਹਿੰਗਾਈ ਦੀ ਪਿਚ 'ਤੇ ਸੈਂਕੜਾ ਲਗਾ ਲਿਆ ਹੈ।

ਟਮਾਟਰ ਦੀ ਕੀਮਤ ਨੇ ਮਾਰਿਆ ਸੈਂਕੜਾ 

ਖਪਤਕਾਰ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਟਮਾਟਰ ਨੇ ਪ੍ਰਚੂਨ ਬਾਜ਼ਾਰ 'ਚ ਸੈਂਕੜਾ ਪੂਰਾ ਕਰ ਲਿਆ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਟਮਾਟਰ ਦੀ ਕੀਮਤ 130 ਰੁਪਏ ਤੱਕ ਪਹੁੰਚ ਗਈ ਹੈ। ਇੰਨਾ ਹੀ ਨਹੀਂ ਆਲੂ ਅਤੇ ਪਿਆਜ਼ ਦੀ ਕੀਮਤ ਵੀ 80-90 ਰੁਪਏ ਦੇ ਕਰੀਬ ਹੈ। ਇਸ ਹਫਤੇ ਅੰਡੇਮਾਨ ਨਿਕੋਬਾਰ 'ਚ ਟਮਾਟਰ 116.67 ਰੁਪਏ ਪ੍ਰਤੀ ਕਿਲੋ ਵਿਕਿਆ। ਇਸ ਤੋਂ ਇਲਾਵਾ ਆਲੂ ਦੀ ਕੀਮਤ 61.67 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ 60 ਕਿਲੋ ਦੇ ਹਿਸਾਬ ਨਾਲ ਵਿਕਿਆ।

ਕਈ ਸ਼ਹਿਰ ਅਜਿਹੇ ਹਨ ਜਿੱਥੇ ਟਮਾਟਰ 50 ਰੁਪਏ ਪ੍ਰਤੀ ਕਿਲੋ ਤੋਂ ਵੀ ਘੱਟ ਵਿਕ ਰਹੇ ਹਨ। ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਟਮਾਟਰ 46.47 ਰੁਪਏ ਪ੍ਰਤੀ ਕਿਲੋ ਅਤੇ ਕੁਝ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ 250 ਗ੍ਰਾਮ ਟਮਾਟਰ 25 ਰੁਪਏ ਵਿੱਚ ਵਿਕ ਰਿਹਾ ਹੈ। ਇਸੇ ਤਰ੍ਹਾਂ ਆਲੂ 30 ਰੁਪਏ ਕਿਲੋ ਅਤੇ ਪਿਆਜ਼ 41 ਰੁਪਏ ਕਿਲੋ ਵਿਕ ਰਿਹਾ ਹੈ।

ਦਿੱਲੀ-ਬਿਹਾਰ ਵਿੱਚ ਪਿਆਜ਼-ਟਮਾਟਰ ਦੀਆਂ ਕੀਮਤਾਂ

ਦਿੱਲੀ 'ਚ ਪਿਆਜ਼ 50 ਰੁਪਏ ਕਿਲੋ, ਟਮਾਟਰ 40 ਰੁਪਏ ਪ੍ਰਤੀ ਕਿਲੋ ਅਤੇ ਆਲੂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਬਿਹਾਰ 'ਚ ਟਮਾਟਰ 40.19 ਰੁਪਏ ਪ੍ਰਤੀ ਕਿਲੋ, ਆਲੂ 30 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ 35.89 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਇਨ੍ਹਾਂ ਰਾਜਾਂ ਵਿੱਚ ਵਧ ਰਹੀ ਹੈ ਮਹਿੰਗਾਈ 

ਨਾਗਾਲੈਂਡ, ਮੇਘਾਲਿਆ, ਸਿੱਕਮ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਮਾਨਸੂਨ ਕਾਰਨ ਇਨ੍ਹਾਂ ਰਾਜਾਂ ਵਿੱਚ ਸਪਲਾਈ ਘਟ ਗਈ ਹੈ। ਮੰਗਲਵਾਰ ਨੂੰ ਨਾਗਾਲੈਂਡ 'ਚ ਆਲੂ ਦੀ ਕੀਮਤ 33.38 ਰੁਪਏ ਪ੍ਰਤੀ ਕਿਲੋ, ਟਮਾਟਰ ਦੀ ਕੀਮਤ 76.56 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ ਦੀ ਕੀਮਤ 59.38 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਹੁਣ ਕਿੰਨੀਆਂ ਮਹਿੰਗੀਆਂ ਹੋਣਗੀਆਂ ਸਬਜ਼ੀਆਂ?

ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਜੁਲਾਈ ਵਿੱਚ ਮੀਂਹ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ। ਇਹ ਲੰਬੇ ਸਮੇਂ ਦੀ ਔਸਤ ਦੇ 106% ਤੋਂ ਵੱਧ ਹੈ। ਫਿਰ ਵੀ, ਹੁਣ ਤੱਕ ਘੱਟ ਬਾਰਿਸ਼ ਅਤੇ ਜੂਨ ਵਿੱਚ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੇ ਕਾਰਨ, ਬਹੁਤ ਸਾਰੀਆਂ ਨਾਸ਼ਵਾਨ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ ਕਿਉਂਕਿ ਉਨ੍ਹਾਂ ਦੀ ਮੰਡੀ ਵਿੱਚ ਆਮਦ ਘਟੀ ਹੈ, ਜਿਸਦਾ ਵੱਡਾ ਅਸਰ ਟਮਾਟਰ, ਪਿਆਜ਼ ਅਤੇ ਆਲੂਆਂ ਉੱਤੇ ਪਿਆ ਹੈ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।

ਮੁੰਬਈ ਵਿੱਚ ਪਿਆਜ਼ ਅਤੇ ਆਲੂ ਦੀਆਂ ਪ੍ਰਚੂਨ ਕੀਮਤਾਂ ਇੱਕ ਸਾਲ ਪਹਿਲਾਂ ਨਾਲੋਂ ਦੁੱਗਣੀਆਂ ਹਨ, ਜਦਕਿ ਟਮਾਟਰ ਦੀ ਕੀਮਤ 80 ਰੁਪਏ ਕਿਲੋ ਦੇ ਆਸਪਾਸ ਦੱਸੀ ਜਾ ਰਹੀ ਹੈ।
 


author

Harinder Kaur

Content Editor

Related News