ਪ੍ਰਿਯੰਕਾ ਗਾਂਧੀ ਦੇ ਦੌਰੇ ਦੇ ਦਿਨ ਗੋਆ ਕਾਂਗਰਸ ’ਚ ਲੱਗੀ ਅਸਤੀਫ਼ਿਆਂ ਦੀ ਝੜੀ
Friday, Dec 10, 2021 - 02:37 PM (IST)
ਪਣਜੀ (ਭਾਸ਼ਾ)- ਕਾਂਗਰਸ ਦੀ ਗੋਆ ਇਕਾਈ ਨੂੰ ਰਾਜ ’ਚ ਆਉਣ ਵਾਲੀਆਂ ਚੋਣਾਂ ਲਈ ਸਮਾਨ ਵਿਚਾਰਧਾਰਾ ਵਾਲੇ ਦਲਾਂ ਨਾਲ ਗਠਜੋੜ ਨੂੰ ਲੈ ਕੇ ਭਰਮ ਦੀ ਸਥਿਤੀ ਅਤੇ ਅਸਤੀਫ਼ਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਵਿਰੋਧੀ ਦਲ ਸ਼ੁੱਕਰਵਾਰ ਨੂੰ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਅਗਵਾਈ ’ਚ ਕਈ ਬੈਠਕਾਂ ਲਈ ਤਿਆਰੀ ’ਚ ਜੁਟਿਆ ਹੈ। ਪੋਰਵੋਰਿਮ ਵਿਧਾਨ ਸਭਾ ਖੇਤਰ ਦੇ ਕਾਂਗਰਸ ਨੇਤਾਵਾਂ ਦੇ ਇਕ ਸਮੂਹ ਨੇ ਸ਼ੁੱਕਰਵਾਰ ਸਵੇਰੇ ਅਸਤੀਫ਼ਾ ਦੇ ਦਿੱਤਾ। ਆਜ਼ਾਦ ਵਿਧਾਇਕ ਰੋਹਨ ਖੁੰਟੇ ਵਲੋਂ ਸਮਰਥਿਤ ਸਮੂਹ ਨੇ ਦਾਅਵਾ ਕੀਤਾ ਕਿ ਕਾਂਗਰਸ 2022 ਦੀ ਸ਼ੁਰੂਆਤ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਗੰਭੀਰ ਨਹੀਂ ਹੈ।
ਸਾਬਕਾ ਜ਼ਿਲ੍ਹਾ ਪੰਚਾਇਤ ਮੈਂਬਰ ਗੁਪੇਸ਼ ਨਾਈਕ, ਜਿਨ੍ਹਾਂ ਨੇ ਪੋਰਵੋਰਿਮ ਤੋਂ ਸਮੂਹ ਦੀ ਅਗਵਾਈ ਕੀਤੀ ਨੇ ਦੱਸਿਆ,‘‘ਕਾਂਗਰਸ ਪਾਰਟੀ ਆਉਣ ਵਾਲੀਆਂ ਗੋਆ ਚੋਣਾਂ ਨੂੰ ਗੰਭੀਰਤਾ ਨਾਲ ਲੜਨ ’ਚ ਦਿਲਚਸਪੀ ਨਹੀਂ ਦਿਖਾ ਰਹੀ ਹੈ। ਇਸ ਦੇ ਕੁਝ ਨੇਤਾਵਾਂ ਦੇ ਰਵੱਈਏ ਕਾਰਨ ਇਸ ਦੀ ਸਫ਼ਲਤਾ ਦੀ ਸੰਭਾਵਨਾ ਨਹੀਂ ਹੈ।’’ ਕਾਂਗਰਸ ਨੂੰ ਇਕ ਹੋਰ ਝਟਕਾ ਦਿੰਦੇ ਹੋਏ, ਦੱਖਣੀ ਗੋਆ ਤੋਂ ਉਸ ਦੇ ਸੀਨੀਅਰ ਨੇਤਾ ਮੋਰੇਨੋ ਰੇਬੇਲੋ ਨੇ ਵੀ ਅਸਤੀਫ਼ਾ ਦੇ ਦਿੱਤਾ। ਰੇਬੇਲੋ ਦੇ ਅਸਤੀਫ਼ੇ ’ਚ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਵਲੋਂ ਕਰਟੋਰਿਮ ਚੋਣ ਖੇਤਰ ਤੋਂ ਮੌਜੂਦਾ ਵਿਧਾਇਕ ਏਲੇਕਸੋ ਰੇਜਿਨਾਲਡੋ ਲੌਰੈਂਕੋ ਨੂੰ ਪਾਰਟੀ ਵਿਰੁੱਧ ਕੰਮ ਕਰਨ ਦੇ ਬਾਵਜੂਦ ਉਮੀਦਵਾਰ ਐਲਾਨ ਕਰਨ ਤੋਂ ਉਹ ਪਰੇਸ਼ਾਨ ਹਨ। ਰੇਬੇਲੋ ਕਰਟੋਰਿਮ ਦੇ ਰਹਿਣ ਵਾਲੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ