19 ਮਾਰਚ ਨੂੰ ਚੀਨੀ ਸਾਮਾਨ ਦੀ ਬਲੇਗੀ ਹੋਲੀ, 500 ਫ਼ੀਸਦੀ ਡਿਊਟੀ ਲਾਉਣ ਦੀ ਮੰਗ

03/15/2019 11:48:22 AM

ਨਵੀਂ ਦਿੱਲੀ - ਕਾਰੋਬਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਨੇ ਚੀਨ ਦੇ ਉਤਪਾਦਾਂ ’ਤੇ 500 ਫ਼ੀਸਦੀ ਤੱਕ ਇੰਪੋਰਟ ਡਿਊਟੀ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ 19 ਮਾਰਚ ਨੂੰ ਦੇਸ਼ ਭਰ ’ਚ ਚੀਨੀ ਵਸਤਾਂ ਦੀ ਹੋਲੀ ਬਾਲੀ ਜਾਵੇਗੀ। ਸੰਗਠਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਚੀਨ ਵਲੋਂ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਦੇ ਸਰਗਣਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦੇ ਪ੍ਰਸਤਾਵ ’ਤੇ ਵੀਟੋ ਲਾਉਣ ਅਤੇ ਲਗਾਤਾਰ ਪਾਕਿਸਤਾਨ ਦੀ ਮਦਦ ਕਰਨ ’ਤੇ ਡੂੰਘਾ ਗੁੱਸਾ ਜ਼ਾਹਰ ਕੀਤਾ ਹੈ ਅਤੇ ਦੇਸ਼ਭਰ ਦੇ ਵਪਾਰੀਆਂ ਵਲੋਂ ਚੀਨੀ ਵਸਤਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ।  ਆਉਂਦੀ 19 ਮਾਰਚ ਨੂੰ ਦੇਸ਼ ਭਰ ਵਿਚ ਹਜ਼ਾਰਾਂ ਥਾਵਾਂ ’ਤੇ ਵਪਾਰੀ ਚੀਨੀ ਸਾਮਾਨ ਦੀ ਹੋਲੀ ਬਾਲਣਗੇ।  ਸੰਗਠਨ ਦੇ ਪ੍ਰਧਾਨ ਬੀ. ਸੀ. ਭਰਤੀਆ ਅਤੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਚੀਨ ਲਈ ਭਾਰਤ ਇਕ ਵੱਡਾ ਬਾਜ਼ਾਰ ਹੈ ਅਤੇ ਜੇਕਰ ਇਸ ਤੋਂ ਚੀਨ ਨੂੰ ਬੇਦਖ਼ਲ ਕਰ ਦਿੱਤਾ ਜਾਵੇ ਤਾਂ ਉਸ ਦੀ ਅਰਥਵਿਵਸਥਾ ਨੂੰ ਜ਼ਬਰਦਸਤ ਝਟਕਾ ਝੱਲਣਾ ਪਵੇਗਾ।

ਇਸ ਕਾਰਨ ਚੀਨੀ ਵਸਤਾਂ ਦੇ ਬਾਈਕਾਟ ਦਾ ਕੀਤਾ ਗਿਆ ਹੈ ਐਲਾਨ

ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦੇ ਰਾਹ ਵਿਚ ਚੀਨ ਵਲੋਂ ਚੌਥੀ ਵਾਰ ਰੋੜੇ ਅਟਕਾਏ ਜਾਣ ਤੋਂ ਨਾਰਾਜ਼ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੈਂਬਰਾਂ ਨੇ ਬੇਮਿਸਾਲ ਢੰਗ ਨਾਲ ਚੀਨ ਨੂੰ ਵੀਰਵਾਰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਹ ਬਾਜ਼ ਨਾ ਆਇਆ ਤਾਂ ਜ਼ਿੰਮੇਵਾਰ ਮੈਂਬਰ ਦੇਸ਼ ਸੁਰੱਖਿਆ ਕੌਂਸ਼ਲ ਵਿਚ ‘ਦੂਜਾ ਕਦਮ’ ਚੁੱਕਣ ਲਈ ਮਜਬੂਰ ਹੋ ਸਕਦੇ ਹਨ। ਅਜਿਹੀ ਹਾਲਤ ਪੈਦਾ ਨਹੀਂ ਹੋਣੀ ਚਾਹੀਦੀ।

ਸੁਰੱਖਿਆ ਕੌਂਸਲ ਵਿਚ ਇਕ ਹੋਰ ਦੂਤ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੀਨ ਨੇ ਚੌਥੀ ਵਾਰ ਸੂਚੀ ਵਿਚ ਅਜ਼ਹਰ ਨੂੰ ਸ਼ਾਮਲ ਕੀਤੇ ਜਾਣ ਦੇ ਕਦਮ ਨੂੰ ਰੋਕਿਆ ਹੈ। ਚੀਨ ਨੂੰ ਸੁਰੱਖਿਆ ਕੌਂਸਲ ਨੂੰ ਆਪਣਾ ਕੰਮ ਕਰਨ ਤੋਂ ਰੋਕਣਾ ਨਹੀਂ ਚਾਹੀਦਾ। ਯੂ. ਐੱਨ. ਪਾਬੰਦੀ ਕਮੇਟੀ ਵਿਚ ਹੋਣ ਵਾਲਾ ਵਿਚਾਰ-ਵਟਾਂਦਰਾ ਖੁਫੀਆ ਹੁੰਦਾ ਹੈ। ਇਸ ਲਈ ਮੈਂਬਰ ਦੇਸ਼ ਜਨਤਕ ਤੌਰ ’ਤੇ ਇਸ ਬਾਰੇ ਟਿੱਪਣੀ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਇਸ ਮੁੱਦੇ ’ਤੇ ਬੋਲਣ ਵਾਲੇ ਡਿਪਲੋਮੈਟਾਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ।
 ਹੈਰੀਟੇਜ ਫਾਊਂਡੇਸ਼ਨ ਦੇ ਜੈਫ ਸਮਿਥ, ਦਿ ਅਮੇਰੀਕਨ ਇੰਡੀਆ ਪਬਲਿਕ ਅਫੇਅਰਜ਼ ਕਮੇਟੀ ਦੇ ਮੁਖੀ ਜਗਦੀਸ਼ ਅਤੇ ਅਮੇਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਸਦਾਨੰਦ ਸਮੇਤ ਅਮਰੀਕੀ ਥਿੰਕ ਟੈਂਕ ਦੇ ਕਈ ਮੈਂਬਰਾਂ ਨੇ ਵੀ ਚੀਨ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਚੀਨ ਨੇ ਯੂ. ਐੱਨ. ਸੁਰੱਖਿਆ ਕੌਂਸਲ ਵਿਚ ਮਸੂਦ ਨੂੰ ਕੌਮਾਂਤਰੀ ਅੱਤਵਾਦੀ ਕਰਾਰ ਦੇਣ ਵਾਲੇ ਪ੍ਰਸਤਾਵ ’ਤੇ ਬੁੱਧਵਾਰ ਤਕਨੀਕੀ ਰੋਕ ਲਾ ਦਿੱਤੀ ਸੀ। 


Related News