ਸਰਕਾਰ ਦੇ 9 ਸਾਲ ਪੂਰੇ ਹੋਣ ''ਤੇ PM ਮੋਦੀ ਨੇ ਕਿਹਾ- ਧੰਨਵਾਦੀ ਹਾਂ, ਅਸੀਂ ਹੋਰ ਮਿਹਨਤ ਕਰਦੇ ਰਹਾਂਗੇ
Tuesday, May 30, 2023 - 05:29 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਮੰਗਲਵਾਰ ਨੂੰ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਉਨ੍ਹਾਂ ਦੀ ਇੱਛਾ ਉਨ੍ਹਾਂ ਦੇ ਹਰ ਫ਼ੈਸਲੇ ਦਾ ਕਾਰਨ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਅੱਜ ਅਸੀਂ ਦੇਸ਼ ਦੀ ਸੇਵਾ ਵਿਚ 9 ਸਾਲ ਪੂਰੇ ਕਰ ਰਹੇ ਹਾਂ। ਮੈਂ ਸ਼ੁਕਰਗੁਜ਼ਾਰ ਅਤੇ ਧੰਨਵਾਦੀ ਹਾਂ। ਇਸ ਦੌਰਾਨ ਕੀਤੇ ਗਏ ਹਰ ਫ਼ੈਸਲੇ, ਚੁੱਕੇ ਗਏ ਹਰ ਕਦਮ ਦੇ ਪਿੱਛੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੀ ਇੱਛਾ ਰਹੀ ਹੈ। ਅਸੀਂ ਇਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਹੋਰ ਵੀ ਮਿਹਨਤ ਨਾਲ ਕੰਮ ਕਰਦੇ ਰਹਾਂਗੇ।
ਭਾਜਪਾ ਨੇ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਵੱਖ-ਵੱਖ ਜਨਸੰਪਰਕ ਪ੍ਰੋਗਰਾਮਾਂ ਜ਼ਰੀਏ ਮੰਗਲਵਾਰ ਨੂੰ ਇਕ ਮਹੀਨੇ ਦੀ ਮੁਹਿੰਮ ਦੀ ਯੋਜਨਾ ਬਣਾਈ ਹੈ। ਪ੍ਰਧਾਨ ਮੰਤਰੀ ਬੁੱਧਵਾਰ ਨੂੰ ਰਾਜਸਥਾਨ ਦੇ ਅਜਮੇਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਕੇਂਦਰੀ ਮੰਤਰੀਆਂ ਅਤੇ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸੱਤਾ 'ਚ 9 ਸਾਲ ਪੂਰੇ ਹੋਣ ਮੌਕੇ ਸੋਮਵਾਰ ਨੂੰ ਦੇਸ਼ ਭਰ ਵਿਚ ਉਪਲੱਬਧੀਆਂ 'ਤੇ ਚਾਨਣਾ ਪਾਇਆ ਸੀ।
ਗਲੋਬਲ ਪੱਧਰ 'ਤੇ ਭਾਰਤ ਦੇ ਵੱਧਦੇ ਕੱਦ ਤੋਂ ਲੈ ਕੇ ਰਾਸ਼ਟਰੀ ਸੁਰੱਖਿਆ 'ਤੇ ਜ਼ੋਰ, ਗਰੀਬਾਂ ਲਈ ਘਰ ਅਤੇ ਪਖ਼ਾਨੇ ਵਰਗੇ ਕਲਿਆਣਕਾਰੀ ਕਦਮ, ਪਾਈਪ ਤੋਂ ਪਾਣੀ ਦੀ ਸਪਲਾਈ ਨੂੰ ਉਤਸ਼ਾਹਿਤ ਕਰਨਾ, ਬੁਨਿਆਂਦੀ ਢਾਂਚਾ ਵਿਕਾਸ ਅਤੇ ਨਿਰਮਾਣ ਖੇਤਰ 'ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਉਨ੍ਹਾਂ ਪਹਿਲੂਆਂ ਵਿਚ ਸ਼ਾਮਲ ਰਹੇ, ਜਿਨ੍ਹਾਂ ਦਾ ਭਾਜਪਾ ਨੇਤਾਵਾਂ ਨੇ ਦੇਸ਼ ਦੇ ਹਰ ਸੂਬੇ ਵਿਚ ਆਯੋਜਿਤ ਪੱਤਰਕਾਰ ਸੰਮੇਲਨਾਂ 'ਚ ਜ਼ਿਕਰ ਕੀਤਾ।