ਖ਼ੁਦ ਨੂੰ ਜ਼ਿੰਦਾ ਸਾਬਿਤ ਕਰਨ ਲਈ ਦਰ-ਦਰ ਭਟਕ ਰਿਹੈ ਓਮ ਪ੍ਰਕਾਸ਼, ਜਾਣੋ ਪੂਰਾ ਮਾਮਲਾ
Monday, Sep 05, 2022 - 01:58 PM (IST)
ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਸਰਕਾਰੀ ਰਿਕਾਰਡ ਵਿਚ ਮ੍ਰਿਤਕ ਐਲਾਨਿਆ ਗਿਆ 70 ਸਾਲਾ ਬਜ਼ੁਰਗ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਦਰ-ਦਰ ਭਟਕ ਰਿਹਾ ਹੈ। ਜ਼ਿਲ੍ਹੇ ਦੇ ਤਿਲਹਰ ਥਾਣਾ ਖੇਤਰ ਅਧੀਨ ਪੈਂਦੇ ਫਤਿਹਪੁਰ ਦੇ ਰਹਿਣ ਵਾਲੇ ਓਮਪ੍ਰਕਾਸ਼ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਪਿਛਲੇ ਇਕ ਸਾਲ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਓਮ ਪ੍ਰਕਾਸ਼ ਨੇ ਸ਼ਨੀਵਾਰ ਨੂੰ ਥਾਣਾ ਦਿਵਸ 'ਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋ ਕੇ ਕਿਹਾ,''ਸਰ, ਮੈਂ ਓਮਪ੍ਰਕਾਸ਼ ਹਾਂ, ਜ਼ਿੰਦਾ ਹਾਂ, ਹਾਲੇ ਮਰਿਆ ਨਹੀਂ ਪਰ ਅਫਸਰਾਂ ਨੇ ਸਾਨੂੰ ਜਿਉਂਦੇ ਹੀ ਮਾਰ ਦਿੱਤਾ ਹੈ, ਹੁਣ ਨਾ ਤਾਂ ਕੋਈ ਆਰਥਿਕ ਮਦਦ ਆ ਰਹੀ ਹੈ ਅਤੇ ਨਾ ਹੀ ਬੈਂਕ ਤੋਂ ਮੇਰਾ ਪੈਸਾ ਨਿਕਲ ਰਿਹਾ ਹੈ। ਜਿਸ ਕਾਰਨ ਖੇਤ ਦੀ ਸਿੰਚਾਈ ਨਹੀਂ ਕਰ ਸਕੇ ਅਤੇ ਗੰਨੇ ਦੀ ਫ਼ਸਲ ਸੁੱਕ ਰਹੀ ਹੈ।''
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਮੱਧ ਪ੍ਰਦੇਸ਼ ਤੋਂ 3 ਹਥਿਆਰ ਸਮੱਗਲਰਾਂ ਨੂੰ ਫੜਿਆ, 63 ਦੇਸੀ ਪਿਸਤੌਲ ਬਰਾਮਦ
ਉਨ੍ਹਾਂ ਕਿਹਾ,''ਸਰਕਾਰੀ ਰਿਕਾਰਡ 'ਚ ਇਕ ਸਾਲ ਪਹਿਲੇ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ ਜਦੋਂ ਉਹ ਬੁਢਾਪਾ ਪੈਨਸ਼ਨ ਦਾ ਪੈਸਾ ਬੈਂਕ ਕੱਢਵਾਉਣ ਲਈ ਗਏ ਤਾਂ ਉੱਥੇ ਦੱਸਿਆ ਗਿਆ ਕਿ ਤੁਹਾਡੀ ਮੌਤ ਹੋ ਚੁਕੀ ਹੈ, ਅਜਿਹੇ 'ਚ ਖਾਤੇ 'ਚੋਂ ਪੈਸਾ ਨਹੀਂ ਨਿਕਲ ਸਕਦਾ। ਇਸ ਤੋਂ ਬਾਅਦ ਗੰਨੇ ਦਾ ਬਕਾਇਆ ਪੈਸਾ ਖੰਡ ਮਿੱਲ ਤੋਂ ਆਇਆ ਪਰ ਉਹ ਵੀ ਨਹੀਂ ਨਿਕਲ ਸਕਿਆ ਅਤੇ ਉਹ ਅਧਿਕਾਰੀਆਂ ਦੇ ਚੱਕਰ ਲਗਾਉਂਦੇ-ਲਗਾਉਂਦੇ ਥੱਕ ਚੁੱਕੇ ਹਨ।'' ਤਿਲਹਰ ਦੇ ਤਹਿਸੀਲਦਾਰ ਗਿਆਨੇਂਦਰ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਆਇਆ ਹੈ ਅਤੇ ਉਨ੍ਹਾਂ ਨੇ ਇਕ ਟੀਮ ਨੂੰ ਓਮ ਪ੍ਰਕਾਸ਼ ਦੇ ਪਿੰਡ ਭੇਜਿਆ ਹੈ, ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ। ਸਿੰਘ ਨੇ ਕਿਹਾ ਕਿ ਜੇਕਰ ਓਮਪ੍ਰਕਾਸ਼ ਨੂੰ ਰਿਕਾਰਡ 'ਚ ਮ੍ਰਿਤਕ ਦਰਸਾਇਆ ਗਿਆ ਹੈ ਤਾਂ ਉਨ੍ਹਾਂ ਨੂੰ ਮੁੜ ਜਿਊਂਦੇ ਦਿਖਾਇਆ ਜਾਵੇਗਾ ਅਤੇ ਜਿਸ ਪੱਧਰ 'ਤੇ ਵੀ ਇਹ ਗੜਬੜੀ ਹੋਈ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ