ਕੋਰੋਨਾ ਦਾ XE ਵੇਰੀਐਂਟ ਬੱਚਿਆਂ ਲਈ ਸਭ ਤੋਂ ਜ਼ਿਆਦਾ ਖ਼ਤਰਨਾਕ, ਇਨ੍ਹਾਂ ਲੱਛਣਾਂ ਤੋਂ ਰਹੋ ਸਾਵਧਾਨ

Thursday, Apr 21, 2022 - 05:58 PM (IST)

ਕੋਰੋਨਾ ਦਾ XE ਵੇਰੀਐਂਟ ਬੱਚਿਆਂ ਲਈ ਸਭ ਤੋਂ ਜ਼ਿਆਦਾ ਖ਼ਤਰਨਾਕ, ਇਨ੍ਹਾਂ ਲੱਛਣਾਂ ਤੋਂ ਰਹੋ ਸਾਵਧਾਨ

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਦੇ ਮਾਮਲੇ ਫਿਰ ਵਧਣ ਲੱਗੇ ਹਨ। ਚੌਥੀ ਲਹਿਰ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਹਾਲ ਹੀ ’ਚ ਓਮੀਕ੍ਰੋਨ ਦੇ ਨਵੇਂ ਵੇਰੀਐਂਟ XE ਨੇ ਦੇਸ਼ ’ਚ ਚਿੰਤਾ ਵਧਾ ਦਿੱਤੀ ਹੈ। ਇਸ ਵਾਰ ਕੋਰੋਨਾ ਇਨਫੈਕਸ਼ਨ ਦੀ ਲਹਿਰ ਦਾ ਅਸਰ ਬੱਚਿਆਂ ’ਤੇ ਸਭ ਤੋਂ ਜ਼ਿਆਦਾ ਪੈ ਰਿਹਾ ਹੈ। ਸਕੂਲਾਂ ਦੇ ਫਿਰ ਤੋਂ ਖੁੱਲ੍ਹਣ ਤੋਂ ਬਾਅਦ ਕਈ ਬੱਚੇ ਕੋਰੋਨਾ ਪੀੜਤ ਹੋ ਚੁੱਕੇ ਹਨ। ਜਿਸ ਨਾਲ ਮਾਂ-ਬਾਪ ਲਈ ਇਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਅਜਿਹੇ ’ਚ ਬੱਚਿਆਂ ਨੂੰ ਕੋਰੋਨਾ ਦੀ ਚੌਥੀ ਲਹਿਰ ਅਤੇ ਇਨਫੈਕਸ਼ਨ ਤੋਂ ਬਚਾਉਣਾ ਇਕ ਵੱਡੀ ਚੁਣੌਤੀ ਹੈ। ਮਾਹਿਰਾਂ ਨੇ ਕੋਰੋਨਾ ਦੀ ਦੂਜੀ ਅਤੇ ਤੀਜੀ ਲਹਿਰ ਦੇ ਮੁਕਾਬਲੇ ਚੌਥੀ ਲਹਿਰ ਨੂੰ ਇੰਨਾ ਡਰਾਉਣਾ ਅਤੇ ਖ਼ਤਰਨਾਕ ਨਹੀਂ ਮੰਨਿਆ। 

ਨਵੇਂ ਡਾਟਾ ਮੁਤਾਬਕ, ਉੱਤਰ-ਪ੍ਰਦੇਸ਼ ਦੇ ਗੌਤਮਬੁੱਧ ਨਗਰ ’ਚ 107 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ’ਚੋਂ 30 ਫੀਸਦੀ ਬੱਚੇ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਦਿੱਲੀ ’ਚ ਵੀ ਕਈ ਬੱਚਿੇ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਲਹਿਰ ’ਚ ਘਬਰਾਉਣ ਦੀ ਲੋੜ ਨਹੀਂ ਹੈ ਪਰ ਸਾਵਧਾਨ ਰਹਿਣਾ ਬੇਹੱਦ ਜ਼ਰੂਰੀ ਹੈ। 

ਬੱਚਿਆਂ ’ਚ XE ਵੇਰੀਐਂਟ ਦੇ ਲੱਛਣ
ਦੁਨੀਆ ਭਰ ’ਚ XE ਵੇਰੀਐਂਟ ਦਾ ਖੌਫ਼ ਵਧਦਾ ਜਾ ਰਿਹਾ ਹੈ। ਇਹ ਓਮੀਕ੍ਰੋਨ ਦਾ ਵੇਰੀਐਂਟ ਹੁਣ ਸਭ ਵੇਰੀਐਂਟ ਦੇ ਮੁਕਾਬਲੇ 10 ਗੁਣਾ ਤੇਜ਼ੀ ਨਾਲ ਫੈਲ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ ’ਚ XE ਵੇਰੀਐਂਟ ਪੈਰ ਪਸਾਰ ਚੁੱਕਾ ਹੈ। ਇਹ ਓਮੀਕ੍ਰੋਨ ਸਟ੍ਰੇਨ ਦੇ ਦੋ ਸਬ-ਵੇਰੀਐਂਟ ਯਾਨੀ BA.1 ਅਤੇ BA.2 ਦਾ ਇਕ ਕੰਬੀਨੇਸ਼ਨ ਸਟ੍ਰੇਨ ਹੈ। ਅਜੇ ਬੱਚਿਆਂ ਦਾ ਵੈਕਸੀਨੇਸ਼ਨ ਕਾਫੀ ਘੱਟ ਹੋਇਆ ਹੈ। ਫਿਲਹਾਲ ਬੱਚਿਆਂ ’ਤੇ ਇਸ ਵਾਇਰਸ ਦਾ ਖਤਰਾ ਸਭ ਤੋਂ ਜ਼ਿਆਦਾ ਮੰਡਰਾ ਰਿਹਾ ਹੈ। ਬੱਚਿਆਂ ’ਚ ਆਮਤੌਰ ’ਤੇ ਹਲਕੇ ਲੱਛਣ ਨਜ਼ਰ ਆਉਂਦੇ ਹਨ। ਓਮੀਕ੍ਰੋਨ XE ਵੇਰੀਐਂਟ ਦੇ ਲੱਛਣਾਂ ’ਚ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਇਸ ਵਿਚ ਬੁਖਾਰ ਆਉਣਾ, ਗਲੇ ’ਚ ਖਰਾਸ਼, ਖੰਘ ਅਤੇ ਸਰਦੀ, ਚਮੜੀ ’ਚ ਜਲਨ ਵਰਗੇ ਲੱਛਣ ਨਜ਼ਰ ਆ ਸਕਦੇ ਹਨ।

ਬਚਾਅ
ਮਾਹਿਰਾ ਦਾ ਕਹਿਣਾ ਹੈ ਕਿ ਮਾਂ-ਬਾਪ ਨੂੰ ਬੱਚਿਆਂ ਨੂੰ ਇਨਫੈਕਸ਼ਨ ਤੋਂ ਬਚਾਈ ਰੱਖਣ ਲਈ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਹੈ। ਬੱਚਿਆਂ ਦੀ ਚੰਗੀ ਜੀਵਨ ਸ਼ੈਲੀ ’ਤੇ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੂੰ ਚੰਗੀ ਖੁਰਾਕ ਦੀ ਲੋੜ ਹੈ। ਭਰਪੂਰ ਨੀਂਦ ਦੀ ਲੋੜ ਰਹਿੰਦੀ ਹੈ। ਸਾਫ-ਸਫਾਈ ਦਾ ਖਾਸ ਤੌਰ ’ਤੇ ਧਿਆਨ ਦਿਓ। ਜੋ ਬੱਚੇ ਵੈਕਸੀਨ ਲਈ ਯੋਗ ਹਨ, ਉਨ੍ਹਾਂ ਦਾ ਵੈਕਸੀਨੇਸ਼ਨ ਜ਼ਰੂਰ ਕਰਵਾਓ। XE ਵੇਰੀਐਂਟ ਓਮੀਕ੍ਰੋਨ ਦਾ ਹੀ ਸਬ-ਵੇਰੀਐਂਟ ਹੈ। ਅਜਿਹੇ ’ਚ ਪੂਰੀ ਸੰਭਾਵਨਾ ਹੈ ਕਿ ਵੈਕਸੀਨੇਸ਼ਨ ਨਾਲ ਇਸ ਵੇਰੀਐਂਟ ਨੂੰ ਮਾਤ ਦਿੱਤੀ ਜਾ ਸਕਦੀ ਹੈ।


author

Rakesh

Content Editor

Related News