ਮੁਸ਼ਕਲਾਂ ''ਚ ਉਮਰ-ਮਹਿਬੂਬਾ, ਖਾਲੀ ਕਰਨੇ ਪੈ ਸਕਦੇ ਨੇ ਸਰਕਾਰੀ ਬੰਗਲੇ

Wednesday, Aug 07, 2019 - 05:09 PM (IST)

ਮੁਸ਼ਕਲਾਂ ''ਚ ਉਮਰ-ਮਹਿਬੂਬਾ, ਖਾਲੀ ਕਰਨੇ ਪੈ ਸਕਦੇ ਨੇ ਸਰਕਾਰੀ ਬੰਗਲੇ

ਸ਼੍ਰੀਨਗਰ— ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸਰਕਾਰੀ ਬੰਗਲਿਆਂ ਵਿਚ ਰਹਿਣ ਵਾਲੇ ਸਾਬਕਾ ਮੁੱਖ ਮੰਤਰੀਆਂ ਨੂੰ ਆਉਣ ਵਾਲੇ ਸਮੇਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁੱਖ ਮੰਤਰੀਆਂ ਨੂੰ ਆਪਣੇ ਸਰਕਾਰੀ ਬੰਗਲੇ ਖਾਲੀ ਕਰਨੇ ਪੈ ਸਕਦੇ ਹਨ। ਭਾਰਤੀ ਸੰਵਿਧਾਨ ਮੁਤਾਬਕ ਕਿਸੇ ਵੀ ਸਾਬਕਾ ਸੀ. ਐੱਮ. ਨੂੰ ਸੱਤਾ ਤੋਂ ਬਾਹਰ ਜਾਣ ਤੋਂ ਬਾਅਦ ਸਰਕਾਰੀ ਘਰ ਖਾਲੀ ਕਰਨਾ ਹੁੰਦਾ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਬਹੁਤ ਸਾਰੇ ਮੁੱਖ ਮੰਤਰੀ ਸ਼੍ਰੀਨਗਰ ਦੇ ਗੁਪਕਰ ਰੋਡ 'ਤੇ ਬਣੇ ਸਰਕਾਰੀ ਬੰਗਲਿਆਂ ਵਿਚ ਰਹਿੰਦੇ ਹਨ, ਜਿਨ੍ਹਾਂ ਦਾ ਕਿਰਾਇਆ ਵੀ ਨਹੀਂ ਲਿਆ ਜਾਂਦਾ। 
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਨੇ ਆਪਣੇ ਸਰਕਾਰੀ ਬੰਗਲੇ ਨੂੰ ਆਧੁਨਿਕ ਬਣਾਉਣ 'ਚ ਕਰੋੜਾਂ ਰੁਪਏ ਤਕ ਖਰਚ ਕੀਤੇ ਹਨ। ਅਜਿਹੇ ਵਿਚ ਇਨ੍ਹਾਂ ਮੰਤਰੀਆਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਜਦੋਂ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਇਨ੍ਹਾਂ ਨੇ ਆਪਣੇ-ਆਪਣੇ ਬੰਗਲਿਆਂ 'ਤੇ ਕਰੀਬ 50 ਕਰੋੜ ਰੁਪਏ ਖਰਚ ਕੀਤੇ ਸਨ। ਧਾਰਾ-370 ਹਟਾਏ ਜਾਣ ਤੋਂ ਬਾਅਦ ਹੁਣ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ, ਸਾਡੀ ਸੁਰੱਖਿਆ ਖਤਰੇ ਵਿਚ ਦਿਖਾਈ ਦੇ ਰਹੀ ਹੈ।


author

Tanu

Content Editor

Related News