ਰਾਜਸਥਾਨ ’ਚ ਸ਼ਾਕਾਹਾਰੀ ਡਾਇਨਾਸੋਰ ਦੇ ਸਭ ਤੋਂ ਪੁਰਾਣੇ ਜੀਵਾਸ਼ਮਾਂ ਦੀ ਖੋਜ

Wednesday, Aug 09, 2023 - 12:23 PM (IST)

ਰਾਜਸਥਾਨ ’ਚ ਸ਼ਾਕਾਹਾਰੀ ਡਾਇਨਾਸੋਰ ਦੇ ਸਭ ਤੋਂ ਪੁਰਾਣੇ ਜੀਵਾਸ਼ਮਾਂ ਦੀ ਖੋਜ

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਟੈਕਨਾਲੋਜੀ ਸੰਸਥਾ (ਆਈ. ਆਈ. ਟੀ.) ਰੁੜਕੀ ਅਤੇ ਭਾਰਤੀ ਭੂ-ਵਿਗਿਆਨਿਕ ਸਰਵੇਖਣ (ਜੀ. ਐੱਸ. ਆਈ.) ਨੂੰ ਜੈਸਲਮੇਰ ਵਿਚ ਲੰਬੀ ਗਰਦਨ ਵਾਲੇ ਸ਼ਾਕਾਹਾਰੀ ਡਾਇਨਾਸੋਰ ਦੇ ਸਭ ਤੋਂ ਪੁਰਾਣੇ ਜੀਵਾਸ਼ਮ ਅਵਸ਼ੇਸ਼ ਮਿਲੇ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤ ਡਾਇਨਾਸੋਰ ਦੇ ਹੌਲੀ-ਹੌਲੀ ਵਿਕਾਸ ਦਾ ਇਕ ਪ੍ਰਮੁੱਖ ਕੇਂਦਰ ਸੀ। ਡਾਇਨਾਸੋਰ ਦੀ ਇਹ ਪ੍ਰਜਾਤੀ ਲਗਭਗ 16.7 ਕਰੋੜ ਸਾਲ ਪੁਰਾਣੀ ਹੈ, ਇਸ ਨੂੰ ਥਾਰੋਸਾਰਸ ਇੰਡੀਕਸ ਨਾਂ ਦਿੱਤਾ ਗਿਆ ਹੈ ਕਿਉਂਕਿ ਇਹ ਜੀਵਾਸ਼ਮ ਪੱਛਮੀ ਭਾਰਤ ਦੇ ਥਾਰ ਰੇਗਿਸਤਾਨ ਵਿਚ ਪਾਏ ਗਏ ਹਨ।

‘ਸਾਇੰਟਿਫਿਕ ਰਿਪੋਰਟਸ’ ਨਾਮਕ ਮੈਗਜ਼ੀਨ ਵਿਚ ਇਸ ਡਾਇਨਾਸੋਰ ਦਾ ਵਰਣਨ ਕੀਤਾ ਗਿਆ ਹੈ। ਇਸ ਦੀਆਂ ਪਸਲੀਆਂ, ਗਰਦਨ, ਧੜ, ਪੂਛ ਤੇ ਰੀੜ ਦੀ ਹੱਡੀ ਦੇ ਹਿੱਸਿਆਂ ਨੂੰ ਇਸ ਵਿਚ ਦਰਸਾਇਆ ਗਿਆ ਹੈ। ਥਾਰੋਸਾਰਸ ਦੀ ਰੀੜ ਦੀ ਹੱਡੀ ਖਾਸ ਹੈ, ਜਿਸ ਦੇ ਕਿਨਾਰਿਆਂ ’ਤੇ ਅਤੇ ਸਤ੍ਹਾ ਦੇ ਹੇਠਾਂ ਡੂੰਘੇ, ਲੰਬੇ ਖੱਡੇ ਹਨ ਅਤੇ ਰੀੜ ਦੀ ਹੱਡੀ ਦੇ ਸਭ ਤੋਂ ਉਪਰੀ ਹਿੱਸੇ ’ਤੇ ਕੰਡੇ (ਸਪਾਈਕਸ) ਦਿਖਾਈ ਦਿੰਦੇ ਹਨ।

ਖੋਜੀਆਂ ਨੇ ਕਿਹਾ ਕਿ ਡਾਇਨਾਸੋਰ ਦੀਆਂ ਪ੍ਰਜਾਤੀਆਂ ਵਿਚ ਥਾਰੋਸਾਰਸ ਕਾਫੀ ਪ੍ਰਾਚੀਨ ਹੈ। ਇਸ ਤੋਂ ਪਹਿਲਾਂ ਡਾਇਨਾਸੋਰ ’ਤੇ ਹੋਈਆਂ ਖੋਜਾਂ ਵਿਚ ਸਾਹਮਣੇ ਆਇਆ ਹੈ ਕਿ ਸਭ ਤੋਂ ਪੁਰਾਣਾ ਡਾਇਨਾਸੋਰ ਚੀਨ (ਲਗਭਗ 166-164 ਮਿਲੀਅਨ ਸਾਲ ਪੁਰਾਣਾ) ਦਾ ਸੀ ਅਤੇ ਡਾਇਨਾਸੋਰ ਦੇ ਪੂਰਵਜਾਂ ਦੇ ਏਸ਼ੀਆ ਅਤੇ ਅਮਰੀਕਾ ਵਿਚ ਮੌਜੂਦ ਹੋਣ ਦੀ ਉਮੀਦ ਹੈ। ਖੋਜੀਆਂ ਨੇ ਕਿਹਾ ਕਿ ਡਾਇਨਾਸੋਰ ਦੇ ਸਭ ਤੋਂ ਪੁਰਾਣੇ ਜੀਵਾਸ਼ਮ ਅਵਸ਼ੇਸ਼ ਮਿਲਣ ਨਾਲ ਇਹ ਪਤਾ ਲੱਗਦਾ ਹੈ ਕਿ ਭਾਰਤ ਡਾਇਨਾਸੋਰ ਦੇ ਹੌਲੀ-ਹੌਲੀ ਵਿਕਾਸ ਦਾ ਇਕ ਪ੍ਰਮੁੱਖ ਕੇਂਦਰ ਸੀ।


author

Rakesh

Content Editor

Related News