ਦਿੱਲੀ ’ਚ ਬਹਾਲ ਹੋਈ ਪੁਰਾਣੀ ਆਬਕਾਰੀ ਨੀਤੀ, ਸਰਕਾਰੀ ਠੇਕੇ ਖੁੱਲ੍ਹੇ
Thursday, Sep 01, 2022 - 12:15 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਯਾਨੀ ਕਿ ਵੀਰਵਾਰ ਤੋਂ ਪੁਰਾਣੀ ਆਬਕਾਰੀ ਨੀਤੀ ਨੂੰ ਬਹਾਲ ਕਰ ਦਿੱਤਾ ਗਿਆ ਹੈ। ਜਿਸ ਨਾਲ ਪ੍ਰਾਈਵੇਟ ਠੇਕੇਦਾਰ ਸ਼ਰਾਬ ਦੇ ਪ੍ਰਚੂਨ ਕਾਰੋਬਾਰ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ਸਰਕਾਰੀ ਠੇਕਿਆਂ ਨੇ ਲੈ ਲਈ ਹੈ। ਆਬਕਾਰੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਵਿਚ 300 ਸ਼ਰਾਬ ਦੇ ਠੇਕੇ ਤਿਆਰ ਕੀਤੇ ਗਏ ਹਨ। ਹਾਲਾਂਕਿ ਵਪਾਰ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਪਹਿਲੇ ਦਿਨ 240 ਦੇ ਕਰੀਬ ਠੇਕੇ ਖੁੱਲ੍ਹਣਗੇ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਾਈਵੇਟ ਠੇਕੇ ਬੰਦ ਕਰ ਦਿੱਤੇ ਗਏ ਹਨ। ਆਬਕਾਰੀ ਵਿਭਾਗ ਨੇ ਹੁਣ ਤੱਕ ਭਾਰਤ ਵਿਚ ਨਿਰਮਿਤ ਵਿਦੇਸ਼ੀ ਸ਼ਰਾਬ ਦੇ ਸਿਰਫ਼ 130 ਬ੍ਰਾਂਡ ਅਤੇ 230 ਵਿਦੇਸ਼ੀ ਬ੍ਰਾਂਡ ਹੀ ਰਜਿਸਟਰ ਕੀਤੇ ਹਨ। ਵਿਭਾਗ ਦਾ ਅੰਦਾਜ਼ਾ ਹੈ ਕਿ ਸਤੰਬਰ 'ਚ ਰੋਜ਼ਾਨਾ ਕਰੀਬ 12 ਲੱਖ ਬੋਤਲਾਂ ਸ਼ਰਾਬ ਦੀ ਵਿਕਰੀ ਹੋ ਸਕਦੀ ਹੈ ਅਤੇ ਇਸ ਲਈ ਉਸ ਨੇ 40 ਲੱਖ ਤੋਂ ਵੱਧ ਬੋਤਲਾਂ ਦਾ ਇੰਤਜ਼ਾਮ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅਗਸਤ ’ਚ ਸ਼ਰਾਬ ਦੀ ਮੰਗ 15 ਲੱਖ ਬੋਤਰ ਪ੍ਰਤੀਦਿਨ ਤੱਕ ਪਹੁੰਚ ਗਈ ਸੀ। ਪੁਰਾਣੀ ਆਬਕਾਰੀ ਨੀਤੀ 17 ਨਵੰਬਰ 2021 ਤੱਕ ਪ੍ਰਭਾਵੀ ਸੀ। ਬਾਅਦ ’ਚ ਇਸ ਦੀ ਥਾਂ ਨਵੀਂ ਨੀਤੀ ਨੇ ਲੈ ਲਈ ਸੀ। ਹੁਣ ਪੁਰਾਣੀ ਨੀਤੀ ਬਹਾਲ ਹੋਣ ਦਾ ਮਤਲਬ ਹੈ ਕਿ ਪ੍ਰਾਈਵੇਟ ਠੇਕੇ ਜੋ ਛੂਟ ਦਿੰਦੇ ਸਨ, ਉਹ ਹੁਣ ਨਹੀਂ ਮਿਲੇਗੀ।