ਬਾਲਾਸੋਰ ਰੇਲ ਹਾਦਸਾ: CBI ਨੇ ਰੇਲਵੇ 3 ਅਧਿਕਾਰੀਆਂ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ, ਜਾਣੋ ਕੀ ਲਗਾਏ ਦੋਸ਼
Sunday, Sep 03, 2023 - 04:33 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 2 ਜੂਨ ਨੂੰ ਬਾਲਾਸੋਰ ਰੇਲ ਹਾਦਸੇ ਦੇ ਮਾਮਲੇ ਵਿਚ ਗੈਰ ਇਰਾਦਤਨ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਤਿੰਨ ਰੇਲਵੇ ਅਧਿਕਾਰੀਆਂ ਖਿਲਾਫ ਸ਼ਨੀਵਾਰ ਚਾਰਜਸ਼ੀਟ ਦਾਇਰ ਕੀਤੀ।
ਸੀ.ਬੀ.ਆਈ. ਨੇ ਬਾਲਾਸੋਰ ਰੇਲ ਹਾਦਸੇ ਦੀ ਜਾਂਚ ਸਬੰਧੀ 7 ਜੁਲਾਈ ਨੂੰ ਬਾਲਾਸੋਰ ਜ਼ਿਲੇ ਵਿੱਚ ਤਾਇਨਾਤ ਸੀਨੀਅਰ ਸੈਕਸ਼ਨ ਇੰਜਨੀਅਰ (ਸਿਗਨਲ) ਅਰੁਣ ਕੁਮਾਰ ਮਹੰਤਾ, ਸੈਕਸ਼ਨ ਇੰਜਨੀਅਰ ਅਮੀਰ ਖੰਡ ਅਤੇ ਤਕਨੀਸ਼ੀਅਨ ਪੱਪੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਹਾਦਸੇ ’ਚ 296 ਵਿਅਕਤੀ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋ ਗਏ ਸਨ। ਹਾਦਸਾ 2 ਜੂਨ ਨੂੰ ਵਾਪਰਿਆ ਸੀ।
ਭੁਵਨੇਸ਼ਵਰ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿੱਚ ਦਾਇਰ ਕੀਤੀ ਗਈ ਆਪਣੀ ਚਾਰਜਸ਼ੀਟ ਵਿੱਚ ਜਾਂਚ ਏਜੰਸੀ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਨੇ ਦੋਸ਼ ਲਾਇਆ ਹੈ ਕਿ ਬਹਿੰਗਾ ਬਾਜ਼ਾਰ ਸਟੇਸ਼ਨ ਨੇੜੇ ਲੈਵਲ ਕਰਾਸਿੰਗ ਗੇਟ ਨੰਬਰ 94 ਦੀ ਮੁਰੰਮਤ ਦਾ ਕੰਮ ਮਹੰਤ ਨੇ ਐਲ.ਸੀ. ਗੇਟ ਨੰਬਰ 79 ਦੇ ਸਰਕਟ ਡਾਇਗ੍ਰਾਮ ਦੀ ਵਰਤੋਂ ਕਰ ਕੇ ਕੀਤਾ ਸੀ। ਇਹ ਯਕੀਨੀ ਬਣਾਉਣਾ ਮੁਲਜ਼ਮ ਦਾ ਫਰਜ਼ ਸੀ ਕਿ ਮੌਜੂਦਾ ਸਿਗਨਲਾਂ ਦੀ ਜਾਂਚ, ਮੁਰੰਮਤ, ਤਬਦੀਲੀ ਅਤੇ ਇੰਟਰਲਾਕਿੰਗ ਸਥਾਪਨਾਵਾਂ' ਨੂੰ ਪ੍ਰਵਾਨਿਤ ਯੋਜਨਾ ਅਤੇ ਹਦਾਇਤਾਂ ਅਨੁਸਾਰ ਕੀਤਾ ਜਾਵੇ, ਪਰ ਉਸ ਨੇ ਅਜਿਹਾ ਨਹੀਂ ਕੀਤਾ।