ਜਗਨਨਾਥ ਮੰਦਰ ਦੇ 351 ਸੇਵਾਦਾਰ ਅਤੇ 53 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ
Tuesday, Sep 29, 2020 - 05:16 PM (IST)
ਪੁਰੀ- ਓਡੀਸ਼ਾ ਦੇ ਸ਼੍ਰੀ ਜਗਨਨਾਥ ਮੰਦਰ ਦੇ ਘੱਟੋ-ਘੱਟ 351 ਸੇਵਾਦਾਰ ਅਤੇ 53 ਕਰਮੀ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ ਦੇ ਪ੍ਰਸ਼ਾਸਕ ਅਜੇ ਜੈਨਾ ਨੇ ਮੰਗਲਵਾਰ ਨੂੰ ਦੱਸਿਆ ਕਿ 12ਵੀਂ ਸ਼ਤਾਬਦੀ ਦੇ ਇਸ ਮੰਦਰ 'ਚ ਹੁਣ ਤੱਕ 404 ਲੋਕ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇੰਨੇ ਸਾਰੇ ਸੇਵਾਦਾਰਾਂ ਦੀ ਗੈਰ-ਹਾਜ਼ਰੀ ਤੋਂ ਬਾਅਦ ਵੀ ਭਗਵਾਨ ਜਗਨਨਾਥ ਦੀ ਪੂਜਾ ਆਮ ਰੂਪ ਨਾਲ ਜਾਰੀ ਹੈ। ਕੋਵਿਡ-19 ਮਹਾਮਾਰੀ ਕਾਰਨ ਜਗਨਨਾਥ ਮੰਦਰ ਮਾਰਚ ਤੋਂ ਹੀ ਸ਼ਰਧਾਲੂਆਂ ਲਈ ਬੰਦ ਹੈ। ਅਧਿਕਾਰੀ ਨੇ ਕਿਹਾ ਕਿ ਜ਼ਿਆਦਾਤਰ ਸੇਵਾਦਾਰ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਘਰ 'ਚ ਹੀ ਕੁਆਰੰਟੀਨ ਹਨ ਅਤੇ ਪੂਜਾ ਕਰਨ ਲਈ ਵਿਦਵਾਨਾਂ ਦੀ ਕਮੀ ਹੈ।
ਮੰਦਰ 'ਚ ਭਗਵਾਨ ਬਲਭੱਦਰ ਦੇਵੀ ਸੁਭਦਰਾ ਅਤੇ ਭਗਵਾਨ ਜਗਨਨਾਥ ਦੀ ਪੂਜਾ ਲਈ ਘੱਟੋ-ਘੱਟ 13 ਪੁਜਾਰੀਆਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ, ਹੋਰ ਸੇਵਾਦਾਰਾਂ ਤੋਂ ਇਲਾਵਾ 39 ਪੁਜਾਰੀਆਂ ਦੀ ਹਾਜ਼ਰੀ ਜ਼ਰੂਰੀ ਹੈ। ਪੁਰੀ ਮੰਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਰਸਮ ਇਕ-ਦੂਜੇ ਨਾਲ ਜੁੜੀ ਹੋਈ ਹੈ, ਉਹ ਤੜਕੇ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਦੀ ਹੈ। ਜਗਨਨਾਥ ਸੰਸਕ੍ਰਿਤੀ ਦੇ ਸੋਧਕਰਤਾ ਭਾਸਕਰ ਮਿਸ਼ਰਾ ਨੇ ਦੱਸਿਆ ਕਿ ਜੇਕਰ ਇਕ ਰਸਮ ਨਹੀਂ ਕੀਤੀ ਜਾਂਦੀ ਹੈ ਤਾਂ ਮੰਦਰ ਦੀ ਪਰੰਪਰਾ ਅਨੁਸਾਰ, ਦੂਜੀ ਰਸਮ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਹੋਰ ਸੇਵਾਦਾਰ ਪੀੜਤ ਪਾਏ ਜਾਂਦੇ ਹਨ ਤਾਂ ਸਮੱਸਿਆ ਹੋ ਸਕਦੀ ਹੈ। ਪ੍ਰਸ਼ਾਸਨ ਜੂਨੀਅਰ ਸੇਵਾਦਾਰਾਂ ਦੀ ਸੇਵਾਵਾਂ ਲੈਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ।