ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ, 400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ
Wednesday, Sep 30, 2020 - 03:57 PM (IST)
ਬਾਲਾਸੋਰ- ਓਡੀਸ਼ਾ ਤੱਟ 'ਤੇ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ (ਆਈ.ਟੀ.ਆਰ.) 'ਚ ਸਤਿਹ ਤੋਂ ਸਤਿਹ 'ਤੇ ਮਾਰ ਕਰਨ ਵਾਲੇ ਸੁਪਰਸੋਨਿਕ ਕਰੂਜ਼ ਮੀਡੀਅਮ ਰੇਂਜ ਮਿਜ਼ਾਈਲ ਬ੍ਰਹਿਮੋਸ ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਇਸ ਦੀ ਮਾਰਕ ਸਮਰੱਥਾ 400 ਕਿਲੋਮੀਟਰ ਤੋਂ ਵੱਧ ਹੈ। ਭਾਰਤ ਅਤੇ ਰੂਸ ਨੇ ਇਸ ਨੂੰ ਸੰਯੁਕਤ ਰੂਪ ਨਾਲ ਵਿਕਸਿਤ ਕੀਤਾ ਹੈ। ਅਗਨੀ ਦੇ ਸਿਧਾਂਤ 'ਤੇ ਕੰਮ ਕਰਨ ਵਾਲੀ ਅਤੇ 450 ਕਿਲੋਮੀਟਰ ਦੀ ਰੇਂਜ ਵਾਲੀ ਇਹ ਮਿਜ਼ਾਈਲ, 200 ਕਿਲੋ ਤੱਕ ਦੇ ਰਵਾਇਤੀ ਵਾਰਹੈੱਡ ਲਿਜਾਉਣ ਦੀ ਸਮਰੱਥਾ ਰੱਖਦੀ ਹੈ। ਇਹ ਮਿਜ਼ਾਈਲ 10.27 ਵਜੇ ਆਈ.ਟੀ.ਆਰ. ਦੇ ਲਾਂਚ ਕੰਪਲੈਕਸ-3 ਤੋਂ ਦਾਗ਼ੀ ਗਈ। 9 ਮੀਟਰ ਲੰਬੀ ਅਤੇ 670 ਮਿਲੀਮੀਟਰ ਵਿਆਸ ਵਾਲੀ ਮਿਜ਼ਾਈਲ ਦਾ ਕੁੱਲ ਭਾਰ ਲਗਭਗ 3 ਟਨ ਹੈ।
ਇਹ ਇਕ ਜਹਾਜ਼ ਤੋਂ ਦਾਗ਼ੇ ਜਾਣ 'ਤੇ ਆਵਾਜ਼ ਦੀ ਗਤੀ ਨਾਲ ਦੁੱਗਣੀ ਗਤੀ ਨਾਲ 14 ਕਿਲੋਮੀਟਰ ਦੀ ਉੱਚਾਈ ਤੱਕ ਜਾ ਸਕਦੀ ਹੈ। ਇਹ 20 ਕਿਲੋਮੀਟਰ ਦੀ ਦੂਰੀ 'ਤੇ ਆਪਣਾ ਮਾਰਗ ਬਦਲ ਸਕਦੀ ਹੈ। ਬ੍ਰਹਿਮੋਸ 2 ਨਦੀਆਂ, ਭਾਰਤ ਦੇ ਬ੍ਰਹਿਮਪੁੱਤਰ ਅਤੇ ਰੂਸ ਦੇ ਮੋਸਕਵਾ ਦੇ ਨਾਂ 'ਤੇ ਰੱਖਿਆ ਗਿਆ। ਮਿਜ਼ਾਈਲ ਪ੍ਰੀਖਣ ਨੂੰ ਰੱਖਿਆ ਖੋਜ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਏਕੀਕ੍ਰਿਤ ਪ੍ਰੀਖਣ ਰੇਂਜ ਦੇ ਅਧਿਕਾਰੀਆਂ ਨੇ ਦੇਖਿਆ ਅਤੇ ਇਸ ਦੇ ਸਫ਼ਲ ਪ੍ਰੀਖਣ 'ਤੇ ਇਕ-ਦੂਜੇ ਨੂੰ ਵਧਾਈ ਦਿੱਤੀ। ਬ੍ਰਹਿਮੋਸ ਮੌਜੂਦਾ ਸਮੇਂ ਦੁਨੀਆ ਦੀਆਂ ਉਨ੍ਹਾਂ ਕੁਝ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ 'ਚੋਂ ਇਕ ਹੈ, ਜਿਸ ਨੂੰ ਪਹਿਲਾਂ ਹੀ ਭਾਰਤੀ ਜਲ ਸੈਨਾ ਨੇ ਆਪਣੇ ਜੰਗੀ ਬੇੜਿਆਂ ਲਈ ਉੱਨਤ ਫਾਇਰ ਕੰਟਰੋਲ ਸਿਸਟਮ ਨਾਲ ਸਵੀਕਾਰ ਕਰ ਲਿਆ ਹੈ।