ਓਡੀਸ਼ਾ : ਅਪੋਲੋ ਹਸਪਤਾਲ ''ਚ ਲੱਗੀ ਅੱਗ
Saturday, Feb 02, 2019 - 03:06 PM (IST)
 
            
            ਭੁਵਨੇਸ਼ਵਰ— ਓਡੀਸ਼ਾ ਦੇ ਭੁਵਨੇਸ਼ਵਰ ਦੇ ਅਪੋਲੋ ਹਸਪਤਾਲ 'ਚ ਸ਼ਨੀਵਾਰ ਨੂੰ ਅੱਗ ਲੱਗ ਗਈ। ਹਾਲਾਂਕਿ ਘਟਨਾ 'ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਆਰ.ਸੀ. ਮਾਂਝੀ ਨੇ ਦੱਸਿਆ ਕਿ ਗਜਪਤੀ ਨਗਰ ਇਲਾਕੇ ਕੋਲ ਅਪੋਲੋ ਹਸਪਤਾਲ ਦੇ ਬੈਟਰੀ ਰੂਮ 'ਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਾਹਨਾਂ ਨੂੰ ਹਾਦਸੇ ਵਾਲੀ ਜਗ੍ਹਾ ਭੇਜਿਆ ਗਿਆ ਅਤੇ ਕੁਝ ਹੀ ਦੇਰ ਦੇ ਅੰਦਰ ਅੱਗ 'ਤੇ ਕਾਬੂ ਪਾ ਲਿਆ ਗਿਆ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਕਰਮਚਾਰੀਆਂ ਨੇ 5ਵੀਂ ਮੰਜ਼ਲ 'ਤੇ ਸਥਿਤ ਬੈਟਰੀ ਰੂਮ ਦੇ ਬਾਹਰੋਂ ਧੂੰਆਂ ਉੱਠਦਾ ਦੇਖਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਸੇਵਾ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਅਤੇ ਅੱਗ ਬੁਝਾਉਣ ਲਈ ਤੁਰੰਤ ਕਦਮ ਚੁੱਕੇ ਗਏ।
ਫਾਇਰ ਸੇਵਾ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਬੈਟਰੀ ਰੂਮ ਤੱਕ ਹੀ ਸੀਮਿਤ ਰਹੀ ਅਤੇ ਹਸਪਤਾਲ ਦੇ ਹੋਰ ਖੇਤਰਾਂ 'ਚ ਨਹੀਂ ਫੈਲੀ, ਕਿਉਂਕਿ ਤੁਰੰਤ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਲਾਕੇ 'ਚ ਧੂੰਆਂ ਭਰਨ ਕਾਰਨ ਚੌਕਸੀ ਦੇ ਤੌਰ 'ਤੇ ਕੁਝ ਮਰੀਜ਼ਾਂ ਨੂੰ ਹਸਪਤਾਲ ਦੀ 5ਵੀਂ ਮੰਜ਼ਲ ਤੋਂ ਕੱਢ ਦਿੱਤਾ ਗਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            