ਓਡਿਸ਼ਾ ’ਚ ਇਕ ਕੇਂਦਰੀ ਮੰਤਰੀ ਕਿਉਂ ਰੋ ਪਏ ?
Thursday, Sep 03, 2026 - 03:16 PM (IST)
ਕੇਂਦਰੀ ਮੰਤਰੀ ਮੰਡਲ ਦੇ ਫੇਰਬਦਲ ’ਚ ਦੇਰੀ ਹੋ ਸਕਦੀ ਹੈ ਪਰ ਇਸ ਦੇ ਮਾੜੇ ਪ੍ਰਭਾਵ ਤੇ ਝਟਕੇ ਹੁਣ ਤੋਂ ਹੀ ਵਿਖਾਈ ਦੇ ਰਹੇ ਹਨ। ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਜੁਏਲ ਓਰਾਮ ਨੇ ਪਾਰਟੀ ਦੇ ਸਾਥੀ ਨੇਤਾਵਾਂ ’ਤੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਤੇ ਉਨ੍ਹਾਂ ਨੂੰ ਮੰਤਰੀ ਮੰਡਲ ’ਚੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ।
ਰੁੜਕੇਲਾ ਤੋਂ 6 ਵਾਰ ਦੇ ਸੰਸਦ ਮੈਂਬਰ ਜੁਏਲ ਓਰਾਮ ਬਿਹਾਰ ’ਚ ਆਪਣੇ ਉਸ ਸਿਆਸੀ ਸਹਿਯੋਗੀ ਰਾਕੇਸ਼ ਪਾਸਵਾਨ ਦੀ ਗ੍ਰਿਫਤਾਰੀ ਤੋਂ ਬਾਅਦ ਰੋ ਪਏ ਜਿਨ੍ਹਾਂ ’ਤੇ ਰੁੜਕੇਲਾ ਦੇ ਸਰਕਾਰੀ ਸਰਕਟ ਹਾਊਸ ’ਚ ਹਥਿਆਰਬੰਦ ਅਪਰਾਧੀਆਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਹਾਲਾਂਕਿ ਬਿਹਾਰ ’ਚ ਦੋਸਤਾਨਾ ਸਰਕਾਰ ਹੈ ਪਰ ਸੂਬਾਈ ਪੁਲਸ ਨੇ ਮੰਤਰੀ ਦੇ ਸਾਥੀ ਦੀ ਪਰਵਾਹ ਨਹੀਂ ਕੀਤੀ।
ਓਰਾਮ ਨੇ ਦੋਸ਼ ਲਾਇਆ ਕਿ ਮੇਰੇ ਵਿਰੋਧੀ ਮੈਨੂੰ ਬਦਨਾਮ ਕਰਨ ਤੇ ਮੈਨੂੰ ਕੈਬਨਿਟ ਤੋਂ ਹਟਾਉਣ ਲਈ ਮੁਹਿੰਮ ਚਲਾ ਰਹੇ ਹਨ। ਉਹ ਮੈਨੂੰ ਲੰਬੇ ਸਮੇਂ ਤੋਂ ਨਿਸ਼ਾਨਾ ਬਣਾ ਰਹੇ ਹਨ।
ਓਰਾਮ ਦਾ ਇਸ਼ਾਰਾ ਰੁੜਕੇਲਾ ਤੋਂ ਨਵੇਂ ਚੁਣੇ ਗਏ ਰਾਜ ਸਭਾ ਦੇ ਮੈਂਬਰ ਦਿਲੀਪ ਰੇਅ ਵੱਲ ਹੈ ਜੋ ਇਸ ਸੀਟ ਲਈ ਲਾਬਿੰਗ ਕਰ ਰਹੇ ਹਨ। ਦਿਲੀਪ ਕੁਝ ਸਮਾਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਹਨ, ਜਦੋਂ ਕਿ ਓਰਾਮ ਸੂਬੇ ’ਚ ਲੰਬੇ ਸਮੇਂ ਤੋਂ ਸੀਨੀਅਰ ਨੇਤਾ ਹਨ। ਓਰਾਮ ਆਪਣੀ ਕਬਾਇਲੀ ਪਛਾਣ ਦੇ ਆਧਾਰ ’ਤੇ ਕੈਬਨਿਟ ’ਚ ਟਿਕੇ ਰਹਿਣ ਲਈ ਲੜ ਰਹੇ ਹਨ।
