ਆਫ ਦਿ ਰਿਕਾਰਡ ; ਇਕ ਕੈਬਨਿਟ ਮੰਤਰੀ ਦਾ ਲੁਕਿਆ ਹੋਇਆ ਹੁਨਰ
Tuesday, Oct 20, 2026 - 10:17 AM (IST)
ਭਾਰਤੀ ਜਨਤਾ ਪਾਰਟੀ ਕੋਲ ਸਿਆਸੀ ਮੁਹਿੰਮਾਂ ਤੇ ਸੰਸਦ ’ਚ ਕਈ ਅਦਾਕਾਰ, ਗਾਇਕ ਤੇ ਮਸ਼ਹੂਰ ਹਸਤੀਆਂ ਹਨ। ਪ੍ਰਮੁੱਖ ਨਾਵਾਂ ’ਚ ਮਨੋਜ ਤਿਵਾੜੀ ਤੇ ਰਵੀ ਕਿਸ਼ਨ ਸ਼ਾਮਲ ਹਨ ਜੋ ਭੋਜਪੁਰੀ ਤੇ ਬਾਲੀਵੁੱਡ ਅਦਾਕਾਰ ਅਤੇ ਗਾਇਕ ਹਨ। ਨਾਲ ਹੀ ਲੋਕ ਸਭਾ ਦੇ ਮੈਂਬਰ ਵੀ ਹਨ।
ਇਸ ਤੋਂ ਇਲਾਵਾ ਇਸ ਸੂਚੀ ’ਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਤੇ ਮੰਡੀ ਤੋਂ ਲੋਕ ਸਭਾ ਦੀ ਮੈਂਬਰ ਕੰਗਨਾ ਰਣੌਤ ਅਤੇ ਮਥੁਰਾ ਤੋਂ ਐੱਮ. ਪੀ. ਹੇਮਾ ਮਾਲਿਨੀ ਵੀ ਹਨ। ਅਰੁਣ ਗੋਵਿਲ ਵੀ ਹਨ, ਜਿਨ੍ਹਾਂ ਨੇ ਟੀ. ਵੀ. ਸੀਰੀਅਲ ‘ਰਾਮਾਇਣ’ ਵਿਚ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ। ਉਹ ਮੇਰਠ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਸੁਰੇਸ਼ ਗੋਪੀ ਵੀ ਹਨ ਜੋ ਇਕ ਦੱਖਣੀ ਭਾਰਤੀ ਅਦਾਕਾਰ ਤੇ ਗਾਇਕ ਹਨ ਜੋ ਕੇਰਲਮ ਦੇ ਤ੍ਰਿਸੂਰ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਵੀ ਹਨ।
ਕੇਂਦਰੀ ਮੰਤਰੀ ਮੰਡਲ ’ਚ ਇਕ ਲੁਕਿਆ ਹੋਇਆ ਹੁਨਰ ਵੀ ਹੈ ਜਿਸ ਬਾਰੇ ਕੋਈ ਨਹੀਂ ਜਾਣਦਾ। ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਾਮ ਕੋਲ ਇਹ ਲੁਕਿਆ ਹੋਇਆ ਹੁਨਰ ਹੈ। ਉਹ ਦਿੱਲੀ ਦੇ ਲਾਲ ਕਿਲਾ ਮੈਦਾਨ ’ਚ ਆਯੋਜਿਤ ਸਾਲਾਨਾ ‘ਲਵ ਕੁਸ਼ ਰਾਮਲੀਲਾ’ ’ਚ ਖਿੱਚ ਦਾ ਕੇਂਦਰ ਸਨ।
ਜਦੋਂ ਉਨ੍ਹਾਂ ਰਾਮਾਇਣ ਦੇ ਇਕ ਪਾਤਰ ਤੇ ਭਗਵਾਨ ਰਾਮ ਦੇ ਕਰੀਬੀ ਦੋਸਤ ਆਦਿਵਾਸੀ ਰਾਜਾ ਨਿਸ਼ਾਦਰਾਜ ਗੁਹਾ ਦੀ ਭੂਮਿਕਾ ਨਿਭਾਈ ਤਾਂ ਲੋਕ ਹੈਰਾਨ ਰਹਿ ਗਏ। ਓਡਿਸ਼ਾ ਦੇ ਸੁੰਦਰਗੜ੍ਹ ਜ਼ਿਲੇ ਦੇ ਇਕ ਆਦਿਵਾਸੀ ਨੇਤਾ ਜੁਏਲ ਓਰਾਮ ਨੇ ਸ਼ਾਨਦਾਰ ਢੰਗ ਨਾਲ ਉਸ ਦ੍ਰਿਸ਼ ਨੂੰ ਦਰਸਾਇਆ ਜਿਸ ’ਚ ਆਦਿਵਾਸੀ ਰਾਜਾ ਆਪਣੇ ਬਨਵਾਸ ਦੌਰਾਨ ਭਗਵਾਨ ਰਾਮ ਨੂੰ ਮਿਲਦੇ ਹਨ।
ਸਟੇਜ ’ਤੇ ਆਦਿਵਾਸੀ ਰਾਜਾ ਦੀ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਭਗਵਾਨ ਰਾਮ ਦਾ ਸਵਾਗਤ ਕੀਤਾ, ਉਨ੍ਹਾਂ ਨੂੰ ਗਲੇ ਲਾਇਆ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਹ ਵੇਖ ਕੇ ਦਰਸ਼ਕ ਝੂਮ ਉਠੇ ਤੇ ਉਨ੍ਹਾਂ ਜੋਸ਼ ਨਾਲ ਤਾੜੀਆਂ ਵਜਾਈਆਂ।
ਓਰਾਮ ਦਾ ਪ੍ਰਦਰਸ਼ਨ ਸਿਆਸੀ ਪੱਖੋਂ ਵੀ ਅਹਿਮ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਆਦਿਵਾਸੀ ਭਾਈਚਾਰਿਆਂ ’ਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਤੇ ਭਗਵਾਨ ਰਾਮ ਦੇ ਸੰਦੇਸ਼ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੱਖਰੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਤੱਕ ਓਰਾਮ ਸ਼ਿਕਾਇਤ ਕਰ ਰਹੇ ਸਨ ਕਿ ਕੁਝ ਲੋਕ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚ ਰਹੇ ਹਨ। ਹਾਲਾਂਕਿ, ਆਦਿਵਾਸੀ ਰਾਜਾ ਦਾ ਉਨ੍ਹਾਂ ਦਾ ਚਿੱਤਰਣ ਅਤੇ ਭਗਵਾਨ ਰਾਮ ਨਾਲ ਉਨ੍ਹਾਂ ਦਾ ਸਬੰਧ ਦਿੱਲੀ ’ਚ ਉਨ੍ਹਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ’ਚ ਸਹਾਇਕ ਸਾਬਤ ਹੋ ਸਕਦਾ ਹੈ।
