ਭਾਰਤ ’ਚ ਬੰਗਲਾਦੇਸ਼-ਫਰਾਂਸ ਵਰਗੀ ਹਿੰਸਾ ਫੈਲਾਉਣ ਦੀ ਸੀ ਸਾਜ਼ਿਸ਼, ਕੇਂਦਰੀ ਮੰਤਰੀ ਕਿਰੇਨ ਰਿਜਿਜੂ ਦਾ ਦਾਅਵਾ

Sunday, Oct 18, 2026 - 08:39 PM (IST)

ਭਾਰਤ ’ਚ ਬੰਗਲਾਦੇਸ਼-ਫਰਾਂਸ ਵਰਗੀ ਹਿੰਸਾ ਫੈਲਾਉਣ ਦੀ ਸੀ ਸਾਜ਼ਿਸ਼, ਕੇਂਦਰੀ ਮੰਤਰੀ ਕਿਰੇਨ ਰਿਜਿਜੂ ਦਾ ਦਾਅਵਾ

ਨਵੀਂ ਦਿੱਲੀ,  (ਏਜੰਸੀ)-ਦੁਨੀਆ ਦੇ ਕਈ ਦੇਸ਼ਾਂ ’ਚ ਇਸ ਸਮੇਂ ਹਿੰਸਾ ਦਾ ਮਾਹੌਲ ਬਣਿਆ ਹੋਇਆ ਹੈ। ਫਰਾਂਸ ’ਚ ਵੱਡੇ ਪੱਧਰ ’ਤੇ ਅੰਦੋਲਨ ਹੋ ਰਿਹਾ ਹੈ, ਥਾਂ-ਥਾਂ ਸਾੜ-ਫੂਕ ਹੋਈ ਹੈ ਅਤੇ ਦੁਕਾਨਾਂ ’ਚ ਲੁੱਟ-ਖੋਹ ਕੀਤੀ ਗਈ ਹੈ। ਹੁਣ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਪੋਸਟ ਰਾਹੀਂ ਭਾਰਤ ’ਚ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ।

ਆਪਣੀ ਪੋਸਟ ’ਚ ਉਨ੍ਹਾਂ ਕਿਹਾ, “ਬੰਗਲਾਦੇਸ਼ ’ਚ ਹੋਈ ਹਿੰਸਕ ਘਟਨਾ ਅਤੇ ਫਰਾਂਸ ’ਚ ਜੋ ਦੰਗੇ, ਸਾੜ-ਫੂਕ ਅਤੇ ਲੁੱਟ-ਖੋਹ ਹੋਈ, ਠੀਕ ਉਹੋ ਜਿਹੀ ਹੀ ਸਾਜ਼ਿਸ਼ ਭਾਰਤ ਲਈ ਵੀ ਰਚੀ ਗਈ ਸੀ। ਭਾਰਤ-ਵਿਰੋਧੀ ਗਿਰੋਹਾਂ ਅਤੇ ਕੁਝ ਸਿਆਸਤਦਾਨਾਂ ਨੇ ਮਿਲ ਕੇ ਨੌਜਵਾਨਾਂ ਨੂੰ ਭੜਕਾਉਣ ਅਤੇ ਸਾਡੀਆਂ ਸੜਕਾਂ ’ਤੇ ਹਿੰਸਾ ਫੈਲਾਉਣ ਦੀ ਯੋਜਨਾ ਬਣਾਈ ਸੀ ਪਰ ਇਸ ਖਤਰਨਾਕ ਸਾਜ਼ਿਸ਼ ਨੂੰ ਰਚਣ ਵਾਲੇ ਭੁੱਲ ਗਏ ਕਿ ਭਾਰਤ ਨਾ ਤਾਂ ਬੰਗਲਾਦੇਸ਼ ਹੈ ਅਤੇ ਨਾ ਹੀ ਫਰਾਂਸ। ਭਾਰਤ ’ਚ ਸੱਤਾ ਤਬਦੀਲੀ ਬਿਲਕੁਲ ਹੋ ਸਕਦੀ ਹੈ, ਪਰ ਸਿਰਫ ਚੋਣਾਂ ਜ਼ਰੀਏ।”

ਇਸ ਪੋਸਟ ਦੇ ਨਾਲ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਨੇਹਾ ਬੋਰਾ ਦੇ ਬੰਗਲਾਦੇਸ਼ ਦੇ ਨੌਜਵਾਨਾਂ ਨੂੰ ਧੰਨਵਾਦ ਪ੍ਰਗਟਾਉਣ ਵਾਲੇ ਕਲਿੱਪ ਦੇ ਨਾਲ ਪ੍ਰਸ਼ਾਂਤ ਭੂਸ਼ਣ ਦੇ ‘ਰਿਜ਼ੀਮ ਚੇਂਜ’ ਵਾਲੇ ਬਿਆਨ ਅਤੇ ਜੁਲਾਈ-ਅਗਸਤ ਦੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਕਲਿੱਪ ਸ਼ਾਮਲ ਹਨ।

ਇਸ ਤੋਂ ਪਹਿਲਾਂ ਕਿਰੇਨ ਰਿਜਿਜੂ ਨੇ 15 ਅਕਤੂਬਰ ਨੂੰ ਵੀ ਇਕ ਪੋਸਟ ਸ਼ੇਅਰ ਕੀਤੀ ਸੀ। ਇਸ ’ਚ ਉਨ੍ਹਾਂ ਕਿਹਾ ਸੀ, ‘‘ਲੜਾਈ ਦੀ ਰੇਖਾ ਖਿੱਚੀ ਜਾ ਚੁੱਕੀ ਹੈ। ਇਕ ਪਾਸੇ ਦਿਮਾਗੀ ਨਕਸਲੀ ਹਨ ਅਤੇ ਦੂਜੇ ਪਾਸੇ ਦੇਸ਼ਭਗਤ ਭਾਰਤੀ। ਇਕ ਪਾਸੇ ਭਾਰਤ ਦੇ ਸੰਵਿਧਾਨ ’ਚ ਵਿਸ਼ਵਾਸ ਰੱਖਣ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਅਰਾਜਕਤਾਵਾਦੀ ਹਨ।’’ ਉਨ੍ਹਾਂ ਅੱਗੇ ਕਿਹਾ ਕਿ ਹੁਣ ਲੜਾਈ ਭਾਰਤ-ਵਿਰੋਧੀ ਤਾਕਤਾਂ ਅਤੇ ਉਨ੍ਹਾਂ ਦੇਸ਼ਭਗਤ ਭਾਰਤੀਆਂ ਵਿਚਾਲੇ ਹੈ, ਜੋ ਭਾਰਤ ਦੀ ਰੱਖਿਆ ਕਰਨਾ ਚਾਹੁੰਦੇ ਹਨ।


author

Shubam Kumar

Content Editor

Related News