ਸੁਪਰੀਮ ਕੋਰਟ ਦੇ ਅਗਲੇ ਚੀਫ਼ ਜਸਟਿਸ ਹੋਣਗੇ ਐੱਨ. ਵੀ. ਰਮਨ
Wednesday, Mar 24, 2021 - 03:35 PM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਜੱਜ ਐੱਨ. ਵੀ. ਰਮਨ ਭਾਰਤ ਦੇ ਅਗਲੇ ਚੀਫ਼ ਜਸਟਿਸ (ਸੀ. ਜੇ. ਆਈ.) ਹੋਣਗੇ। ਦਰਅਸਲ ਆਗਾਮੀ 23 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਆਪਣੇ ਉੱਤਰਾਧਿਕਾਰੀ ਦੇ ਤੌਰ ’ਤੇ ਜਸਟਿਸ ਰਮਨ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਜਸਟਿਸ ਰਮਨ ਨੇ ਵਿਗਿਆਨ ਅਤੇ ਕਾਨੂੰਨ ’ਚ ਗਰੈਜੂਏਸ਼ਨ ਕਰਨ ਮਗਰੋਂ 10 ਫਰਵਰੀ 1983 ਤੋਂ ਵਕਾਲਤ ਦੇ ਪੇਸ਼ੇ ਦੀ ਸ਼ੁਰੂਆਤ ਕੀਤੀ। ਆਪਣੇ ਵਕਾਲਤ ਪੇਸ਼ੇ ਦੌਰਾਨ ਉਨ੍ਹਾਂ ਨੇ ਨਾ ਸਿਰਫ ਆਂਧਰਾ ਪ੍ਰਦੇਸ਼ ਹਾਈ ਕੋਰਟ ਸਗੋਂ ਕੇਂਦਰੀ ਪ੍ਰਸ਼ਾਸਨਕ ਟ੍ਰਿਬਿਊਨਲ (ਕੈਟ) ਅਤੇ ਸੁਪਰੀਮ ਕੋਰਟ ’ਚ ਵੀ ਅਭਿਆਸ ਕੀਤਾ।
27 ਜੂਨ 2000 ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਹੋਣ ਮਗਰੋਂ ਉਹ 13 ਮਾਰਚ ਤੋਂ 20 ਮਈ 2013 ਤੱਕ ਉਸੇ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਨਿਯੁਕਤ ਕੀਤੇ ਗਏ। ਬਾਅਦ ਵਿਚ ਉਨ੍ਹਾਂ ਨੂੰ ਤਰੱਕੀ ਦੇ ਕੇ 2 ਸਤੰਬਰ 2013 ਨੂੰ ਦਿੱਲੀ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ। 17 ਫਰਵਰੀ 2014 ਨੂੰ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ। ਜਸਟਿਸ ਰਮਨ 26 ਅਗਸਤ 2022 ’ਚ ਸੇਵਾਮੁਕਤ ਹੋਣ ਵਾਲੇ ਹਨ। ਸੁਪਰੀਮ ਕੋਰਟ ਵਿਚ ਸੀ. ਜੇ. ਆਈ. ਸਮੇਤ ਜੱਜਾਂ ਦੀ ਮਨਜ਼ੂਰੀ ਗਿਣਤੀ 34 ਹੈ। ਮੌਜੂਦਾ ਸਮੇਂ ਵਿਚ ਸੁਪਰੀਮ ਕੋਰਟ ਵਿਚ 29 ਜੱਜ ਹਨ।