ਪਰਮਾਣੂ ਵਿਗਿਆਨੀ ਐੱਮਆਰ ਸ਼੍ਰੀਨਿਵਾਸਨ ਦਾ ਦਿਹਾਂਤ
Tuesday, May 20, 2025 - 11:23 AM (IST)

ਚੇਨਈ- ਪਰਮਾਣੂ ਵਿਗਿਆਨੀ ਅਤੇ ਪਰਮਾਣੂ ਊਰਜਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ. ਐੱਮ.ਆਰ. ਸ਼੍ਰੀਨਿਵਾਸਨ ਦਾ ਮੰਗਲਵਾਰ ਨੂੰ ਤਾਮਿਲਨਾਡੂ ਦੇ ਉਧਗਮੰਡਲਮ 'ਚ ਦਿਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ। ਦੇਸ਼ ਦੇ ਸਿਵਲ ਪਰਮਾਣੂ ਊਰਜਾ ਪ੍ਰੋਗਰਾਮ ਦੇ ਮੁੱਖ ਆਰਕੀਟੈਕਟ ਡਾ. ਸ਼੍ਰੀਨਿਵਾਸਨ ਨੇ ਸਤੰਬਰ 1955 'ਚ ਪਰਮਾਣੂ ਊਰਜਾ ਵਿਭਾਗ (DAE) 'ਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ 5 ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕੀਤੀ। ਉਸ ਨੇ ਡਾ. ਹੋਮੀ ਭਾਭਾ ਨਾਲ ਦੇਸ਼ ਦੇ ਪਹਿਲੇ ਪਰਮਾਣੂ ਖੋਜ ਰਿਐਕਟਰ, ਅਪਸਰਾ ਦੇ ਨਿਰਮਾਣ 'ਚ ਕੰਮ ਕੀਤਾ, ਜਿਸ ਨੇ ਅਗਸਤ 1956 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। 1959 'ਚ ਉਸ ਨੂੰ ਦੇਸ਼ ਦੇ ਪਹਿਲੇ ਪਰਮਾਣੂ ਪਾਵਰ ਸਟੇਸ਼ਨ ਲਈ ਮੁੱਖ ਪ੍ਰਾਜੈਕਟ ਇੰਜੀਨੀਅਰ ਨਿਯੁਕਤ ਕੀਤਾ ਗਿਆ ਸੀ। 1974 'ਚ ਉਹ ਡੀਏਈ ਦੇ ਪਾਵਰ ਪ੍ਰਾਜੈਕਟ ਇੰਜੀਨੀਅਰਿੰਗ ਡਿਵੀਜ਼ਨ ਦੇ ਡਾਇਰੈਕਟਰ ਬਣੇ ਅਤੇ ਇਕ ਦਹਾਕੇ ਬਾਅਦ ਨਿਊਕਲੀਅਰ ਪਾਵਰ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਸਾਲ 1987 'ਚ ਡਾ. ਸ਼੍ਰੀਨਿਵਾਸਨ ਨੂੰ ਪਰਮਾਣੂ ਊਰਜਾ ਕਮਿਸ਼ਨ ਦਾ ਚੇਅਰਮੈਨ ਅਤੇ ਪਰਮਾਣੂ ਊਰਜਾ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ। ਉਸੇ ਸਾਲ ਉਹ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (NPCIL) ਦੇ ਸੰਸਥਾਪਕ ਚੇਅਰਮੈਨ ਵੀ ਬਣੇ। ਉਨ੍ਹਾਂ ਦੇ ਕਾਰਜਕਾਲ 'ਚ ਮਹੱਤਵਪੂਰਨ ਵਿਸਥਾਰ ਹੋਇਆ ਅਤੇ ਉਨ੍ਹਾਂ ਦੀ ਅਗਵਾਈ ਹੇਠ 18 ਪ੍ਰਮਾਣੂ ਊਰਜਾ ਯੂਨਿਟ ਵਿਕਸਤ ਕੀਤੇ ਗਏ, ਜਿਨ੍ਹਾਂ 'ਚੋਂ ਸੱਤ ਚਾਲੂ ਹੋ ਗਏ ਅਤੇ ਸੱਤ ਨਿਰਮਾਣ ਅਧੀਨ ਸਨ। ਇਸ ਤੋਂ ਇਲਾਵਾ, ਚਾਰ ਯੋਜਨਾਬੰਦੀ ਦੇ ਪੜਾਅ 'ਚ ਸਨ। ਡਾ. ਸ਼੍ਰੀਨਿਵਾਸਨ ਨੂੰ ਪਰਮਾਣੂ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ 'ਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ, ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਧੀ ਸ਼ਾਰਦਾ ਸ਼੍ਰੀਨਿਵਾਸਨ ਨੇ ਪਰਿਵਾਰ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ, ਤਕਨੀਕੀ ਪ੍ਰਤਿਭਾ ਅਤੇ ਰਾਸ਼ਟਰ ਪ੍ਰਤੀ ਅਣਥੱਕ ਸੇਵਾ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਡਾ. ਸ਼੍ਰੀਨਿਵਾਸਨ ਦਾ ਦਿਹਾਂਤ ਭਾਰਤ ਦੇ ਵਿਗਿਆਨਕ ਅਤੇ ਤਕਨੀਕੀ ਇਤਿਹਾਸ ਦੇ ਇਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ। ਉਹ ਆਪਣੇ ਪਿੱਛੇ ਇਕ ਸਥਾਈ ਵਿਰਾਸਤ ਛੱਡ ਗਏ ਹਨ ਜਿਸ ਨੇ ਦੇਸ਼ ਦੀ ਤਰੱਕੀ ਅਤੇ ਊਰਜਾ ਸੁਰੱਖਿਆ ਨੂੰ ਉਤਸ਼ਾਹਿਤ ਕਰਨ 'ਚ ਮਦਦ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e