ਰੂਸ ਨੇ ਖਿੱਚ ਲਈ ਪਰਮਾਣੂ ਹਥਿਆਰਾਂ ਦੀ ਟੈਸਟਿੰਗ ਦੀ ਤਿਆਰੀ ! ਵਿਦੇਸ਼ ਮੰਤਰੀ ਦੇ ਦਾਅਵੇ ਨੇ ਮਚਾਈ ਖਲਬਲੀ
Sunday, Nov 09, 2025 - 03:59 PM (IST)
ਇੰਟਰਨੈਸ਼ਨਲ ਡੈਸਕ- ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇੱਕ ਹੈਰਾਨ ਕਰਨ ਵਾਲਾ ਅਤੇ ਬੇਹੱਦ ਡਰਾਉਣਾ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਿਰਦੇਸ਼ਾਂ 'ਤੇ ਰੂਸ ਨੇ ਪਰਮਾਣੂ ਪ੍ਰੀਖਣਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲਾਵਰੋਵ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਸਮੇਤ ਸਬੰਧਤ ਏਜੰਸੀਆਂ ਪ੍ਰੀਖਣ ਸ਼ੁਰੂ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ।
ਲਾਵਰੋਵ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਲੀਆ ਬਿਆਨ ਦੇ ਜਵਾਬ ਵਿੱਚ ਆਇਆ ਹੈ, ਜਦੋਂ ਉਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਮਗਰੋਂ ਅਮਰੀਕੀ ਪਰਮਾਣੂ ਹਥਿਆਰਾਂ ਦਾ ਪ੍ਰੀਖਣ ਫਿਰ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਚੀਨ, ਰੂਸ ਤੇ ਪਾਕਿਸਤਾਨ ਸਣੇ ਕਈ ਦੇਸ਼ ਲੁਕ-ਛਿਪ ਕੇ ਨਿਊਕਲੀਅਰ ਟੈਸਟਿੰਗ ਕਰ ਰਹੇ ਹਨ।
ਉਨ੍ਹਾਂ ਦੇ ਇਸ ਬਿਆਨ ਮਗਰੋਂ ਪੁਤਿਨ ਨੇ ਸਪੱਸ਼ਟ ਕੀਤਾ ਸੀ ਕਿ ਜੇ ਕੋਈ ਦੇਸ਼ ਪਰਮਾਣੂ ਹਥਿਆਰਾਂ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਰੂਸ ਵੀ ਸਖ਼ਤ ਕਦਮ ਚੁੱਕਣ ਲਈ ਪਾਬੰਦ ਹੋਵੇਗਾ। ਰੂਸ ਦੇ ਰੱਖਿਆ ਮੰਤਰੀ ਆਂਦਰੇ ਬੇਲੌਸੋਵ ਨੇ ਅਮਰੀਕੀ ਬਿਆਨਾਂ ਦੇ ਜਵਾਬ ਵਿੱਚ ਰੂਸ ਨੂੰ ਪੂਰੇ ਪੈਮਾਨੇ ਦੇ ਪਰਮਾਣੂ ਪ੍ਰੀਖਣਾਂ ਦੀ ਤਿਆਰੀ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਦੋਵਾਂ ਦੇਸ਼ਾਂ ਵਿਚਕਾਰ ਪਰਮਾਣੂ ਹਥਿਆਰਾਂ ਦੀ ਹੋੜ ਨੂੰ ਫਿਰ ਭੜਕਾ ਸਕਦਾ ਹੈ। ਲਾਵਰੋਵ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਮੋਰੇਟੋਰੀਅਮ ਤੋੜਦਾ ਹੈ ਤਾਂ ਰੂਸ ਵੀ ਉਚਿਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ।
