ਕੈਂਸਰ ਖ਼ਿਲਾਫ਼ ਨਵੀਂ ਉਮੀਦ: ਬੈਕਟੀਰੀਆ ਬਣੇਗਾ ਇਲਾਜ ਦਾ ਹਥਿਆਰ

Wednesday, Nov 12, 2025 - 05:15 PM (IST)

ਕੈਂਸਰ ਖ਼ਿਲਾਫ਼ ਨਵੀਂ ਉਮੀਦ: ਬੈਕਟੀਰੀਆ ਬਣੇਗਾ ਇਲਾਜ ਦਾ ਹਥਿਆਰ

ਵੈੱਬ ਡੈਸਕ- ਜੇ ਕੋਈ ਤੁਹਾਨੂੰ ਕਹੇ ਕਿ ਸਰੀਰ 'ਚ ਬਾਹਰੋਂ ਬੈਕਟੀਰੀਆ ਦਾਖ਼ਲ ਕੀਤੇ ਜਾਣਗੇ, ਤਾਂ ਸ਼ਾਇਦ ਹਰ ਕੋਈ ਡਰ ਜਾਵੇ। ਆਖਿਰ ਬੈਕਟੀਰੀਆ ਦਾ ਨਾਮ ਆਉਂਦੇ ਹੀ ਮਨ 'ਚ ਨਿਊਮੋਨੀਆ, ਹੈਜ਼ਾ ਵਰਗੀਆਂ ਬੀਮਾਰੀਆਂ ਯਾਦ ਆ ਜਾਂਦੀਆਂ ਹਨ। ਪਰ ਹੁਣ ਵਿਗਿਆਨੀ ਇਨ੍ਹਾਂ ਹੀ ਬੈਕਟੀਰੀਆ ਨੂੰ ਕੈਂਸਰ ਦੇ ਇਲਾਜ ਲਈ ਹਥਿਆਰ ਵਜੋਂ ਤਿਆਰ ਕਰ ਰਹੇ ਹਨ।

ਬੈਕਟੀਰੀਆ ਬਣ ਸਕਦੇ ਹਨ “ਜਿਊਂਦੀ-ਜਾਗਦੀ ਮਸ਼ੀਨ”

ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਬੈਕਟੀਰੀਆ ਨੂੰ ਇਸ ਤਰ੍ਹਾਂ ਕੰਟਰੋਲ ਕਰਨ 'ਚ ਕਾਮਯਾਬ ਹੋ ਜਾਣਗੇ ਕਿ ਸਰੀਰ 'ਚ ਜਾਣ ਤੋਂ ਬਾਅਦ ਇਹ ਬੈਕਟੀਰੀਆ ਕੈਂਸਰ ਵਾਲੀਆਂ ਕੋਸ਼ਿਕਾਵਾਂ ਨੂੰ ਖੋਜ ਕੇ ਨਸ਼ਟ ਕਰਨਗੇ। ਖਾਸ ਗੱਲ ਇਹ ਹੈ ਕਿ ਬੈਕਟੀਰੀਆ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਸਰੀਰ 'ਚ ਕੋਈ ਹੋਰ ਨੁਕਸਾਨ ਕੀਤੇ ਬਿਨਾਂ ਖਤਮ ਹੋ ਜਾਣਗੇ।

ਵਿਗਿਆਨਕ ਖੋਜਾਂ ਦਾ ਆਧਾਰ

ਇਹ ਜਾਣਕਾਰੀ ਵੈਬਸਾਈਟ The Conversation ‘ਤੇ ਜੋਸੇਫ਼ਿਨ ਰਾਈਟ ਅਤੇ ਸੂਜ਼ਨ ਵੁਡਸ ਵਲੋਂ ਪ੍ਰਕਾਸ਼ਿਤ ਇਕ ਖੋਜ ਰਿਪੋਰਟ ‘ਚ ਦਿੱਤੀ ਗਈ ਹੈ। ਦੋਵੇਂ ਵਿਗਿਆਨੀ ਆਸਟ੍ਰੇਲੀਆ ਦੇ ਸਾਊਥ ਆਸਟ੍ਰੇਲੀਆਨ ਹੈਲਥ ਐਂਡ ਮੈਡਿਕਲ ਰਿਸਰਚ ਇੰਸਟੀਟਿਊਟ ਨਾਲ ਜੁੜੇ ਹਨ ਅਤੇ ਕੈਂਸਰ 'ਤੇ ਦਵਾਈ ਸੰਬੰਧੀ ਅਧਿਐਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਿਸਮਾਂ ਦੇ ਟਿਊਮਰ (ਗੰਢਾਂ) ਦਾ ਇਲਾਜ ਬਹੁਤ ਮੁਸ਼ਕਲ ਹੁੰਦਾ ਹੈ। ਕਈ ਵਾਰ ਕੈਂਸਰ ਦੇ ਇਲਾਜ ਤੋਂ ਬਾਅਦ ਵੀ ਇਹ ਮੁੜ ਉੱਭਰ ਆਉਂਦਾ ਹੈ, ਕਿਉਂਕਿ ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ (Immune System) ਅਤੇ ਕੈਂਸਰ ਵਿਚਕਾਰ ਇਕ ਲੰਬੀ ਲੜਾਈ ਚੱਲਦੀ ਰਹਿੰਦੀ ਹੈ।

ਬੈਕਟੀਰੀਆ ਨਾਲ ਹੋ ਸਕਦੀ ਹੈ ਵੱਡੀ ਉਮੀਦ

ਵਿਗਿਆਨੀਆਂ ਨੇ ਖੁਲਾਸਾ ਕੀਤਾ ਕਿ ਲਗਭਗ 100 ਸਾਲ ਪਹਿਲਾਂ, ਕੁਝ ਡਾਕਟਰਾਂ ਨੇ ਵੇਖਿਆ ਸੀ ਕਿ ਜਿਹੜੇ ਕੈਂਸਰ ਮਰੀਜ਼ ਕਿਸੇ ਬੈਕਟੀਰੀਆ ਨਾਲ ਸੰਕਰਮਿਤ ਹੋ ਗਏ ਸਨ, ਉਨ੍ਹਾਂ ‘ਚ ਕੈਂਸਰ ਦੇ ਲੱਛਣ ਅਚਾਨਕ ਘਟ ਜਾਂ ਗਾਇਬ ਹੋ ਗਏ ਸਨ। ਹੁਣ ਆਧੁਨਿਕ ਵਿਗਿਆਨ ਨੇ ਇਸ ਦੀ ਵਿਗਿਆਨਕ ਵਜ੍ਹਾ ਖੋਜ ਲਈ ਹੈ — ਬੈਕਟੀਰੀਆ ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਸਰਗਰਮ ਕਰ ਦਿੰਦੇ ਹਨ, ਜੋ ਫਿਰ ਕੈਂਸਰ ਕੋਸ਼ਿਕਾਵਾਂ ‘ਤੇ ਹਮਲਾ ਕਰਦੀ ਹੈ।

ਕੈਂਸਰ ਕੋਸ਼ਿਕਾਵਾਂ ‘ਚ ਹੀ ਜਿਊਂਦੇ ਹਨ ਇਹ ਬੈਕਟੀਰੀਆ

ਕੁਝ ਬੈਕਟੀਰੀਆ ਸਿਰਫ਼ ਕੈਂਸਰ ਗੰਢਾਂ ਦੇ ਅੰਦਰ ਹੀ ਵਿਕਸਿਤ ਹੁੰਦੇ ਹਨ, ਪਰ ਸਿਹਤਮੰਦ ਟਿਸ਼ੂਜ਼ 'ਚ ਨਹੀਂ। ਇਸ ਦਾ ਕਾਰਣ ਹੈ ਕਿ ਇਹ ਬੈਕਟੀਰੀਆ ਆਪਣਾ ਖੁਰਾਕ ਮਰੀ ਹੋਈ ਕੈਂਸਰ ਕੋਸ਼ਿਕਾਵਾਂ ਤੋਂ ਲੈਂਦੇ ਹਨ। ਉਨ੍ਹਾਂ ਦੀ ਇਹ ਵਿਸ਼ੇਸ਼ਤਾ ਹੀ ਉਨ੍ਹਾਂ ਨੂੰ ਕੈਂਸਰ ਇਲਾਜ ਦੇ ਹਥਿਆਰ ਵਜੋਂ ਵਰਤਣ ਦਾ ਆਧਾਰ ਬਣਾਉਂਦੀ ਹੈ।

ਦੁਨੀਆ ਭਰ ‘ਚ ਵੱਧ ਰਿਹਾ ਰੁਝਾਨ

ਪਿਛਲੇ 30 ਸਾਲਾਂ 'ਚ ਇਸ ਵਿਸ਼ੇ ‘ਤੇ 500 ਤੋਂ ਵੱਧ ਸੋਧ ਪੱਤਰ ਆ ਚੁੱਕੇ ਹਨ ਅਤੇ 70 ਕਲੀਨਿਕਲ ਟ੍ਰਾਇਲ ਹੋ ਚੁੱਕੇ ਹਨ। ਦੁਨੀਆ ਭਰ ਦੀਆਂ 24 ਸਟਾਰਟਅਪ ਕੰਪਨੀਆਂ ਇਸ ਬੈਕਟੀਰੀਆ-ਆਧਾਰਿਤ ਕੈਂਸਰ ਥੈਰੇਪੀ ‘ਤੇ ਕੰਮ ਕਰ ਰਹੀਆਂ ਹਨ। ਹਾਲਾਂਕਿ ਇਹ ਕਹਿਣਾ ਅਜੇ ਜਲਦੀ ਹੋਵੇਗਾ ਕਿ ਇਹ ਥੈਰੇਪੀ ਪੂਰੀ ਤਰ੍ਹਾਂ ਕਾਮਯਾਬ ਹੋਵੇਗੀ ਕਿ ਨਹੀਂ, ਪਰ ਪਿਛਲੇ 5 ਸਾਲਾਂ 'ਚ ਇਸ ਖੇਤਰ 'ਚ ਰੁਚੀ ਕਾਫ਼ੀ ਵਧੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News