NRC ਦੀ ਲਿਸਟ ’ਚੋਂ ਬਾਹਰ ਹੋਏ ਲੋਕਾਂ ਦਾ ਆਖਰ ਕੀ ਹੋਵੇਗਾ?

08/31/2019 10:45:13 AM

ਨਵੀਂ ਦਿੱਲੀ/ਆਸਾਮ— ਆਸਾਮ ’ਚ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਦੀ ਆਖਰੀ ਸੂਚੀ ਅੱਜ ਯਾਨੀ ਸ਼ਨੀਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ। 19 ਲੱਖ ਲੋਕਾਂ ਦਾ ਨਾਂ ਇਸ ਲਿਸਟ ’ਚ ਨਹੀਂ ਹੈ। ਰਾਜ ’ਚ ਹਰ ਪਾਸੇ ਤਣਾਅ ਦਾ ਮਾਹੌਲ ਹੈ। ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਲੱਗੀ ਹੋਈ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਕਹਿਣ ’ਤੇ ਆਸਾਮ ’ਚ ਐੱਨ.ਆਰ.ਸੀ. ਦੀ ਲਿਸਟ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਇਸ ਲਿਸਟ ’ਚ ਅਜਿਹੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਜੋ 25 ਮਾਰਚ 1971 ਤੋਂ ਬਾਅਦ ਭਾਰਤ ਆਏ ਹੋਣ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਜੇਕਰ ਕਿਸੇ ਦਾ ਨਾਂ ਇਸ ਲਿਸਟ ’ਚ ਨਹੀਂ ਆਉਂਦਾ ਹੈ ਤਾਂ ਫਿਰ ਉਸ ਦਾ ਕੀ ਹੋਵੇਗਾ?

ਤੁਰੰਤ ਵਿਦੇਸ਼ ਐਲਾਨ ਨਹੀਂ ਕੀਤਾ ਜਾਵੇਗਾ 
1- ਕੇਂਦਰ ਸਰਕਾਰ ਨੇ ਕਿਹਾ ਹੈ ਕਿ ਐੱਨ.ਆਰ.ਸੀ. ਦੀ ਲਿਸਟ ’ਚ ਜਿਸ ਦਾ ਨਾਂ ਨਹੀਂ ਹੋਵੇਗਾ, ਉਸ ਨੂੰ ਤੁਰੰਤ ਵਿਦੇਸ਼ੀ ਐਲਾਨ ਨਹੀਂ ਕੀਤਾ ਜਾਵੇਗਾ ਸਗੋਂ ਉਸ ਨੂੰ ਕਾਨੂੰਨੀ ਲੜਾਈ ਲੜਨ ਦਾ ਸਮਾਂ ਦਿੱਤਾ ਜਾਵੇਗਾ।

ਵਿਦੇਸ਼ੀ ਟ੍ਰਿਬਿਊਨਲ ਨੂੰ 120 ਦਿਨਾਂ ਦੇ ਅੰਦਰ ਕਰ ਸਕਦੇ ਹਨ ਅਪੀਲ
2- ਐੱਨ.ਆਰ.ਸੀ. ਦੀ ਲਿਸਟ ’ਚ ਜਿਨ੍ਹਾਂ ਦੇ ਨਾਂ ਨਹੀਂ ਹੋਣਗੇ, ਉਹ ਵਿਦੇਸ਼ੀ ਟ੍ਰਿਬਿਊਨਲ ’ਚ ਅਪੀਲ ਕਰ ਸਕਦੇ ਹਨ। ਇਸ ਲਈ ਉਹ 120 ਦਿਨਾਂ ਦੇ ਅੰਦਰ ਅਪੀਲ ਕਰ ਸਕਦੇ ਹਨ। ਪਹਿਲਾਂ ਇਹ ਸਮੇਂ-ਹੱਦ 60 ਦਿਨਾਂ ਦੀ ਸੀ।

1000 ਟ੍ਰਿਬਿਊਨਲ ਖੋਲ੍ਹੇ ਜਾਣਗੇ 
3- ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਮਾਮਲੇ ਦੇ ਨਿਪਟਾਰੇ ਲਈ 1000 ਟ੍ਰਿਬਿਊਨਲ ਵੱਖ-ਵੱਖ ਫੇਜ਼ ’ਚ ਖੋਲ੍ਹੇ ਜਾਣਗੇ। 100 ਟ੍ਰਿਬਿਊਨਲ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ, ਜਦੋਂ ਕਿ ਸਤੰਬਰ ਦੇ ਪਹਿਲੇ ਹਫ਼ਤੇ ’ਚ 200 ਹੋਰ ਟ੍ਰਿਬਿਊਨਲ ਦੀ ਸ਼ੁਰੂਆਤ ਕੀਤੀ ਜਾਵੇਗੀ।

ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ’ਚ ਕਰ ਸਕਦੇ ਹਨ ਅਪੀਲ
4-ਟ੍ਰਿਬਿਊਨਲ ’ਚ ਕੇਸ ਹਾਰਨ ’ਤੇ ਲੋਕ ਹਾਈ ਕੋਰਟ ’ਚ ਅਪੀਲ ਕਰ ਸਕਦੇ ਹਨ। ਇਸ ਤੋਂ ਬਾਅਦ ਲੋਕ ਸੁਪਰੀਮ ਕੋਰਟ ’ਚ ਵੀ ਇਸ ਨੂੰ ਲੈ ਕੇ ਅਪੀਲ ਕਰ ਸਕਦੇ ਹਨ।

ਭਾਰਤੀ ਨਾਗਰਿਕ ਦੇ ਸਾਰੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹਨ
5- ਐੱਨ.ਆਰ.ਸੀ. ਦੀ ਲਿਟ ’ਚ ਜਿਨ੍ਹਾਂ ਦਾ ਨਾਂ ਨਹੀਂ ਹੋਵੇਗਾ, ਉਨ੍ਹਾਂ ਨੂੰ ਤੁਰੰਤ ਗਿ੍ਰਫਤਾਰ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਟ੍ਰਿਬਿਊਨਲ ਉਨ੍ਹਾਂ ਨੂੰ ਵਿਦੇਸ਼ੀ ਐਲਾਨ ਨਹੀਂ ਕਰ ਦਿੰਦਾ, ਉਦੋਂ ਤੱਕ ਉਹ ਭਾਰਤੀ ਨਾਗਰਿਕ ਨੂੰ ਦਿੱਤੇ ਗਏ ਸਾਰੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹਨ।


DIsha

Content Editor

Related News